ਬਠਿੰਡਾ ਨਸ਼ਾ ਤਸਕਰੀ ਦੇ ਦੋਸ਼ ''ਚ ਸ਼ਰੇਆਮ ਕਤਲ ਕੀਤੇ ਨੌਜਵਾਨ ਦਾ ਮਾਮਲਾ ਗਰਮਾਇਆ, ਪਰਿਵਾਰ ਨੇ ਦਿੱਤੀ ਚਿਤਾਵਨੀ (pics)
Monday, Jun 12, 2017 - 07:09 PM (IST)
ਤਲਵੰਡੀ ਸਾਬੋ(ਮੁਨੀਸ਼)— ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਕਥਿਤ ਤੌਰ 'ਤੇ ਨਸ਼ਾ ਸਮੱਗਲਰ ਨੌਜਵਾਨ ਨੂੰ ਵੱਢ ਕੇ ਸੁੱਟਣ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਪਿੰਡ ਦੇ 13 ਵਿਅਕਤੀਆਂ 'ਤੇ ਕਤਲ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਤਣਾਅ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਪਿੰਡ ਵਾਸੀ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਦੀ ਕਿਸੇ ਸੰਭਾਵੀ ਕਾਰਵਾਈ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਦਿਖਾਈ ਦੇ ਰਹੇ ਹਨ, ਜਦੋਂਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮਾਮਲੇ ਦੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੀ ਸੂਰਤ ਵਿਚ ਆਤਮਦਾਹ ਦੀ ਧਮਕੀ ਦਿੱਤੀ ਹੈ। ਦੱਸਣਯੋਗ ਹੈ ਕਿ ਕਥਿਤ ਨਸ਼ਾ ਸਮੱਗਲਰ ਵਿਨੋਦ ਕੁਮਾਰ ਉਰਫ ਸੋਨੂੰ ਅਰੋੜਾ ਨੂੰ ਪਿੰਡ 'ਚ ਵੱਢ ਕੇ ਸੁੱਟਣ ਤੋਂ ਬਾਅਦ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਪਰਿਵਾਰਕ ਮੈਬਰਾਂ ਦੇ ਦਬਾਅ 'ਚ ਪੁਲਸ ਨੇ ਬੀਤੀ ਸ਼ਾਮ ਮ੍ਰਿਤਕ ਦੇ ਭਰਾ ਕੁਲਦੀਪ ਕੁਮਾਰ ਦੇ ਬਿਆਨਾਂ ਮੁਤਾਬਕ ਪਿੰਡ ਭਾਗੀਵਾਂਦਰ ਦੇ ਸਰਪੰਚ ਅਤੇ ਉਨ੍ਹਾਂ ਦੇ ਪੁੱਤਰਾਂ ਸਮੇਤ 13 ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਸੀ।

ਕੀ ਕਹਿੰਦੇ ਹਨ ਪਿੰਡ ਵਾਸੀ
ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਪਿੰਡ ਦੇ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਕੇ ਉਨ੍ਹਾਂ ਦਾ ਜੀਵਨ ਤਬਾਹ ਕਰਨ ਅਤੇ ਪਿੰਡ ਦੀਆਂ ਧੀਆਂ-ਭੈਣਾਂ ਨੂੰ ਮਾੜੀਆਂ ਨਜ਼ਰਾਂ ਨਾਲ ਦੇਖਣ ਵਾਲੇ ਨਾਲ ਅਜਿਹਾ ਹਸ਼ਰ ਕਰਨ ਲਈ ਉਨ੍ਹਾਂ ਨੂੰ ਤਾਂ ਹੀ ਮਜਬੂਰ ਹੋਣਾ ਪਿਆ ਜੇ ਪੁਲਸ ਨੇ ਉਨ੍ਹਾਂ ਦੀ ਨਹੀਂ ਸੁਣੀ। ਜੇ ਪੁਲਸ ਨੇ ਸਮੇਂ ਸਿਰ ਉਨ੍ਹਾਂ ਦੀ ਸੁਣਵਾਈ ਕਰਕੇ ਸੋਨੂੰ ਅਰੋੜਾ ਖਿਲਾਫ ਕਾਰਵਾਈ ਕੀਤੀ ਹੁੰਦੀ ਤਾਂ ਅਜਿਹੀ ਘਟਨਾ ਵਾਪਰਨ ਦੀ ਨੌਬਤ ਹੀ ਨਾ ਆਉਂਦੀ। ਪਿੰਡ ਵਾਸੀਆਂ ਨੇ ਆਪਣੀ ਮੰਗ 'ਤੇ ਪਹਿਰਾ ਦਿੰਦਿਆਂ ਕਿਹਾ ਕਿ ਪੁਲਸ ਨੇ ਜੇ ਮਾਮਲਾ ਹੀ ਦਰਜ ਕਰਨਾ ਸੀ ਤਾਂ ਸਾਰੇ ਪਿੰਡ 'ਤੇ ਕਰਦੀ, ਨਾ ਕਿ ਕੁਝ ਵਿਅਕਤੀਆਂ 'ਤੇ। ਪਿੰਡ ਵਾਸੀਆਂ ਨੇ ਪਿੰਡ ਦੀ ਸੱਥ 'ਚ ਸਥਾਈ ਟੈਂਟ ਲਗਾ ਕੇ ਉਥੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪੁਲਸ ਨੇ ਪਿੰਡ 'ਚ ਦਾਖਲ ਹੋ ਕੇ ਕਿਸੇ ਕਿਸਮ ਦਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਤਿੱਖਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ। ਦੂਜੇ ਪਾਸੇ ਪਿੰਡ ਵਾਲਿਆਂ ਦੀ ਹਿਮਾਇਤ 'ਚ ਕੁਝ ਨੇੜਲੇ ਪਿੰਡਾਂ ਦੇ ਲੋਕ ਅਤੇ ਮੋਹਤਬਰ ਵੀ ਭਾਗੀਵਾਂਦਰ ਪੁੱਜ ਕੇ ਪਿੰਡ ਵਾਸੀਆਂ ਦਾ ਸਾਥ ਦੇਣ ਦਾ ਭਰੋਸਾ ਦਿਵਾਉਣ ਲੱਗ ਪਏ ਹਨ।

ਮ੍ਰਿਤਕ ਦੇ ਪਰਿਵਾਰ ਵੱਲੋਂ ਮੁਲਜ਼ਮਾਂ ਨੂੰ ਫੜਨ ਦੀ ਮੰਗ
ਮ੍ਰਿਤਕ ਨੌਜਵਾਨ ਸੋਨੂੰ ਅਰੋੜਾ ਦੇ ਪਰਿਵਾਰ ਨੇ ਵੀ ਪੁਲਸ ਤੋਂ ਕਥਿਤ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਭਰਾ ਕੁਲਦੀਪ ਕੁਮਾਰ ਨੇ ਕਿਹਾ ਕਿ ਅੰਤਿਮ ਸੰਸਕਾਰ ਤੋਂ ਪਹਿਲਾਂ ਪੁਲਸ ਅਧਿਕਾਰੀਆਂ ਨੇ ਸੋਨੂੰ ਨੂੰ ਮਾਰਨ ਵਾਲੇ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸਾਡੇ ਕੋਲੋਂ 7 ਦਿਨ ਦਾ ਸਮਾਂ ਮੰਗਿਆ ਹੈ ਤੇ ਜੇ ਸੱਤ ਦਿਨਾਂ 'ਚ ਪੁਲਸ ਨੇ ਕਥਿਤ ਮੁਲਜ਼ਮ ਗ੍ਰਿਫਤਾਰ ਨਾ ਕੀਤੇ ਤਾਂ ਉਹ ਮ੍ਰਿਤਕ ਦੇ ਭੋਗ ਮੌਕੇ ਪਰਿਵਾਰ ਸਮੇਤ ਆਤਮਦਾਹ ਵਰਗੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਥਾਣਾ ਤਲਵੰਡੀ ਸਾਬੋ ਦੇ ਮੁਖੀ ਜਗਦੀਸ਼ ਕੁਮਾਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਮਾਮਲਾ ਗੰਭੀਰ ਹੋਣ ਕਰ ਕੇ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
