ਬਠਿੰਡਾ ਤੋਂ ਪੁਲਵਾਮਾ ਕਾਂਡ ਦਾ ਕਥਿਤ ਅੱਤਵਾਦੀ ਗ੍ਰਿਫਤਾਰ

04/23/2019 5:04:03 PM

ਬਠਿੰਡਾ(ਬਲਵਿੰਦਰ) : ਜੇ. ਐਂਡ. ਕੇ. ਪੁਲਸ ਨੇ ਅੱਜ ਬਠਿੰਡਾ ਤੋਂ ਪੁਲਵਾਮਾ ਬੰਬ ਧਮਾਕੇ ਨਾਲ ਸਬੰਧਤ ਅੱਜ ਇਕ ਕਥਿਤ ਅੱਤਵਾਦੀ ਨੂੰ ਗ੍ਰਿਫ਼ਾਤਰ ਕਰ ਲਿਆ, ਜੋ ਇਥੇ ਸੈਂਟਰਲ ਯੂਨੀਵਰਸਿਟੀ 'ਚ ਦੋ ਸਾਲਾਂ ਤੋਂ ਪੜ੍ਹਾਈ ਕਰ ਰਿਹਾ ਸੀ।

ਜ਼ਿਕਰਯੋਗ ਹੈ ਕਿ 14 ਫਰਵਰੀ 2019 ਨੂੰ ਸੀ. ਆਰ. ਪੀ. ਦਾ ਇਕ ਕਾਫਲਾ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ 'ਤੇ ਜਾ ਰਿਹਾ ਸੀ। ਇਸ ਦੌਰਾਨ ਪੁਲਵਾਮਾ ਵਿਖੇ ਇਕ ਅੱਤਵਾਦੀ ਜਥੇਬੰਦੀ ਵਲੋਂ ਕਿਸੇ ਹੋਰ ਵਾਹਨ ਦੀ ਮਦਦ ਨਾਲ ਆਤਮਘਾਤੀ ਹਮਲਾ ਕੀਤਾ ਗਿਆ, ਜਿਸ 'ਚ ਹਮਲਾਵਰ ਦੇ ਮਾਰੇ ਜਾਣ ਤੋਂ ਇਲਾਵਾ 40 ਸੀ. ਆਰ. ਪੀ. ਐੱਫ. ਜਵਾਨ ਵੀ ਸ਼ਹੀਦ ਹੋ ਗਏ ਸਨ।

ਉਸ ਤੋਂ ਬਾਅਦ ਜੇ. ਐਂਡ. ਕੇ. ਪੁਲਸ ਦੀ ਜਾਂਚ ਟੀਮ ਐੱਸ. ਓ. ਜੀ. ਨੇ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਵੱਡੀ ਗਿਣਤੀ ਸ਼ੱਕੀ ਵਿਅਕਤੀਆਂ ਵਿਰੁੱਧ ਮੁਕੱਦਮੇ ਦਰਜ ਕੀਤੇ, ਜਿਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਲਗਾਤਾਰ ਜਾਰੀ ਹਨ। ਉਸੇ ਜਾਂਚ ਤਹਿਤ ਹਿਲਾਲ ਅਹਿਮਦ ਮਿੰਟੂ ਵਾਸੀ ਚਕੋਰਾ ਜ਼ਿਲਾ ਪੁਲਵਾਮਾ ਵਿਰੁੱਧ ਥਾਣਾ ਬਣਿਹਾਲ ਵਿਖੇ ਟਾਡਾ ਅਧੀਨ ਮੁਕੱਦਮਾ ਨੰ. 39/2019 ਦਰਜ ਕੀਤਾ ਗਿਆ। ਮਿੰਟੂ ਦੀ ਤਲਾਸ਼ ਜਾਰੀ ਕੀਤੀ ਤਾਂ ਪਤਾ ਲੱਗਾ ਕਿ ਉਹ 2017 ਤੋਂ ਸੈਂਟਰਲ ਯੂਨੀਵਰਸਿਟੀ ਵਿਖੇ ਐੱਮ. ਐੱਡ. ਦੀ ਪੜ੍ਹਾਈ ਕਰ ਰਿਹਾ ਹੈ।

ਦੋ ਦਿਨ ਪਹਿਲਾਂ ਐੱਸ. ਓ. ਜੀ. ਦੀ ਟੀਮ ਬਠਿੰਡਾ ਪਹੁੰਚੇ, ਜਿਥੇ ਸੀ. ਆਈ. ਸਟਾਫ ਬਠਿੰਡਾ ਦੇ ਇੰਚਾਰਜ ਅੰਮ੍ਰਿਤਪਾਲ ਭਾਟੀ ਦੀ ਅਗਵਾਈ ਹੇਠ ਪੰਜਾਬ ਪੁਲਸ ਦੀ ਟੀਮ ਵੀ ਜੇ. ਐਂਡ ਕੇ. ਟੀਮ ਨੂੰ ਸਹਿਯੋਗ ਦੇਣ ਲੱਗੀ। ਦੋਵਾਂ ਟੀਮਾਂ ਨੇ ਪਹਿਲਾਂ ਯੂਨੀਵਰਸਿਟੀ ਵਿਚ ਪਹੁੰਚ ਕੇ ਖੁਫੀਆ ਢੰਗ ਨਾਲ ਮਿੰਟੂ ਦੀ ਪਛਾਣ ਕੀਤੀ। ਅੰਤ ਅੱਜ ਯੂਨੀਵਰਸਿਟੀ ਪ੍ਰਬੰਧਕਾਂ ਦੇ ਧਿਆਨ 'ਚ ਲਿਆਉਣ ਦੇ ਤੁਰੰਤ ਬਾਅਦ ਮਿੰਟੂ ਨੂੰ ਯੂਨੀਵਰਸਿਟੀ ਦੇ ਵਿਹੜੇ 'ਚੋਂ ਗ੍ਰਿਫ਼ਤਾਰ ਕਰ ਲਿਆ। ਉਸ ਸਮੇਂ ਉਹ ਆਪਣੇ ਸਹਿਪਾਠੀਆਂ ਨਾਲ ਬੈਠਾ ਸੀ, ਜਿਸ ਨੂੰ ਗ੍ਰਿਫ਼ਤਾਰੀ ਹੋਣ ਦੀ ਭਿਣਕ ਨਹੀਂ ਸੀ।

ਮਿੰਟੂ ਦੀ ਗ੍ਰਿਫ਼ਤਾਰੀ ਦੇ ਤੁਰੰਤ ਬਾਅਦ ਫੇਸਬੁੱਕ ਅਕਾਊਂਟ ਖਾਲੀ
ਸੂਤਰਾਂ ਮੁਤਾਬਕ ਮਿੰਟੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦਾ ਫੇਸਬੁੱਕ ਅਕਾਊਂਟ ਬਿਲਕੁੱਲ ਖਾਲੀ ਹੋ ਗਿਆ, ਜੋ ਕਿ ਬੀਤੀ ਰਾਤ ਸਹੀ ਸਲਾਮਤ ਚੱਲ ਰਿਹਾ ਸੀ, ਜਿਸ 'ਚ ਮਿੰਟੂ ਦੇ ਪਰਿਵਾਰ, ਦੋਸਤਾਂ ਆਦਿ ਦੀਆਂ ਤਸਵੀਰਾਂ ਲੋਡ ਕੀਤੀਆਂ ਹੋਈਆਂ ਸਨ। ਫੇਸਬੁੱਕ ਅਕਾਊਂਟ ਨੂੰ ਲੈ ਕੇ ਪੁਲਸ ਵੀ ਸੁੰਨ ਰਹਿ ਗਈ ਹੈ। ਮਿੰਟੂ ਦੀ ਗ੍ਰਿਫ਼ਤਾਰੀ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਸੀ ਪਰ ਉਸਦੀ ਗ੍ਰਿਫ਼ਤਾਰੀ ਤੇ ਤੁਰੰਤ ਬਾਅਦ ਉਸਦਾ ਫੇਸਬੁੱਕ ਅਕਾਊਂਟ ਡਿਲੀਟ ਕੀਤੇ ਜਾਣ ਤੋਂ ਸਪੱਸ਼ਟ ਹੈ ਕਿ ਉਸਦਾ ਅਕਾਊਂਟ ਕੋਈ ਹੋਰ ਵੀ ਚਲਾ ਰਿਹਾ ਸੀ, ਜਿਸਦਾ ਸਿੱਧਾ ਜਾਂ ਅਸਿੱਧਾ ਸਬੰਧ ਅੱਤਵਾਦੀ ਜਥੇਬੰਦੀਆਂ ਨਾਲ ਹੈ।

ਕੀ ਕਹਿੰਦੇ ਹਨ ਐੱਸ. ਐੱਸ. ਪੀ.
ਡਾ. ਨਾਨਕ ਸਿੰਘ ਐੱਸ. ਐੱਸ. ਪੀ. ਬਠਿੰਡਾ ਦਾ ਕਹਿਣਾ ਹੈ ਕਿ ਜੇ. ਐਂਡ. ਕੇ. ਪੁਲਸ ਪਾਰਟੀ ਆਈ ਸੀ, ਜਿਸਨੂੰ ਸਹਿਯੋਗ ਦਿੰਦਿਆਂ ਅੱਤਵਾਦੀ ਗਤੀਵਿਧੀਆਂ ਨਾਲ ਸਬੰਧ ਰੱਖਣ ਵਾਲੇ ਹਿਲਾਲ ਅਹਿਮਦ ਮਿੰਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਸ. ਓ. ਜੀ. ਟੀਮ ਉਕਤ ਨੂੰ ਆਪਣੇ ਨਾਲ ਹੀ ਲੈ ਗਈ। ਉਨ੍ਹਾਂ ਕਿਹਾ ਕਿ ਪੁਲਸ ਪਹਿਲਾਂ ਹੀ ਅਲਰਟ ਹੈ ਪਰ ਹੁਣ ਇਸ ਸਬੰਧ ਵਿਚ ਹੋਰ ਜ਼ਿਆਦਾ ਸਖ਼ਤੀ ਕੀਤੀ ਜਾਵੇਗੀ।


cherry

Content Editor

Related News