ਹਰਸਿਮਰਤ ਬਾਦਲ ਦਾ ਵਿਵਾਦਤ ਬਿਆਨ, ਕਿਹਾ- ਕੈਪਟਨ ਨੇ ਮਰਨ ਤੱਕ ਕਿਸੇ ਨੂੰ ਕੁੱਝ ਨਹੀਂ ਦੇਣਾ
Friday, Jan 10, 2020 - 06:00 PM (IST)
ਬਠਿੰਡਾ (ਕੁਨਾਲ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਚੰਡੀਗੜ੍ਹ ਵਿਚ ਇਕ ਸਮਾਗਮ ਦੌਰਾਨ ਕਿਹਾ ਸੀ ਕਿ ਉਹ ਉਦੋਂ ਤੱਕ ਸਿਆਸਤ ਨੂੰ ਅਲਵਿਦਾ ਨਹੀਂ ਕਹਿਣਗੇ, ਜਦੋਂ ਤੱਕ ਉਹ ਨੌਜਵਾਨਾਂ ਲਈ ਰੋਜ਼ਗਾਰ ਅਤੇ ਪ੍ਰਗਤੀਸ਼ੀਲ ਪੰਜਾਬ ਵਿਚ ਸਾਰਿਆਂ ਦੀ ਤਰੱਕੀ ਲਈ ਢੁੱਕਵੇਂ ਮੌਕੇ ਪੈਦਾ ਕੀਤੇ ਜਾਣ ਨੂੰ ਯਕੀਨੀ ਨਹੀਂ ਬਣਾ ਲੈਂਦੇ। ਕੈਪਟਨ ਦੇ ਇਸ ਐਲਾਨ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ 3 ਸਾਲ ਵਿਚ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਨੇ ਤਾਂ ਮਰਨ ਤੱਕ ਕਿਸੇ ਨੂੰ ਕੁੱਝ ਨਹੀਂ ਦੇਣਾ।
ਬਠਿੰਡਾ ਦੇ ਭੁਚੋ ਹਲਕੇ ਦੇ ਪਿੰਡਾਂ ਵਿਚ ਆਪਣੇ ਧੰਨਵਾਦੀ ਦੌਰੇ 'ਤੇ ਪੁੱਜੀ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਨੇ ਕਿਹਾ ਸੀ ਕਿ ਉਹ ਆਖਰੀ ਵਾਰ ਚੋਣਾਂ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਇਕ ਵਾਰ ਸੇਵਾ ਕਰਨ ਦਾ ਮੌਕਾ ਜ਼ਰੂਰ ਦਿੱਤਾ ਜਾਏ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਕਹਿ ਰਹੇ ਹਨ ਕਿ ਉਹ ਜਿੰਨਾਂ ਚਿਰ ਉਹ ਨੌਜਵਾਨਾਂ ਨੂੰ ਤਰੱਕੀ ਨਹੀਂ ਦਿੰਦੇ ਓਨਾ ਚਿਰ ਸਿਆਸਤ ਨਹੀਂ ਛੱਡਣਗੇ। ਕੈਪਟਨ ਨੇ ਦੁਬਾਰਾ ਤੋਂ 2022 ਵਿਚ ਚੋਣਾਂ ਲੜਨ ਦੇ ਸੰਕੇਤ ਦਿੱਤੇ ਹਨ।