ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸ੍ਰੀ ਹਜੂਰ ਸਾਹਿਬ ਤੋਂ ਸੰਗਤਾਂ ਦਾ ਪਹਿਲਾ ਜੱਥਾ ਪਰਤਿਆ ਪੰਜਾਬ

Sunday, Apr 26, 2020 - 06:14 PM (IST)

ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸ੍ਰੀ ਹਜੂਰ ਸਾਹਿਬ ਤੋਂ ਸੰਗਤਾਂ ਦਾ ਪਹਿਲਾ ਜੱਥਾ ਪਰਤਿਆ ਪੰਜਾਬ

ਬਠਿੰਡਾ (ਮੁਨੀਸ਼): ਐਤਵਾਰ ਦੀ ਚੜ੍ਹਦੀ ਸਵੇਰ ਢਾਈ ਸੌ ਸ਼ਰਧਾਲੂਆਂ ਲਈ ਰਾਹਤ ਲੈ ਕੇ ਬਹੁੜੀ ਜਦ ਉਹ ਲਗਭਗ ਇਕ ਮਹੀਨੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਨਾਲ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਚੱਲ ਕੇ ਪੰਜਾਬ 'ਚ ਪ੍ਰਵੇਸ਼ ਕੀਤੇ।ਇਹ ਸ਼ਰਧਾਲੂ ਮਾਰਚ ਮਹੀਨੇ ਮਹਾਰਾਸ਼ਟਰ ਸੂਬੇ 'ਚ ਸਥਿਤ ਅਬਚਲ ਨਗਰ ਨਾਂਦੇੜ ਵਿਖੇ ਗੁਰੂ ਘਰ ਗਏ ਸਨ ਪਰ ਅਚਾਨਕ ਹੋਏ ਲਾਕਡਾਊਨ ਕਾਰਨ ਉਥੇ ਹੀ ਫਸ ਗਏ ਸਨ।ਇੰਨ੍ਹਾਂ ਸ਼ਰਧਾਲੂਆਂ ਦੀ ਘਰ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸੂਬਾਈ ਸਰਕਾਰ ਨਾਲ ਰਾਬਤਾ ਕਰਕੇ ਇੰਨ੍ਹਾਂ ਲਈ ਸੁਰੱਖਿਅਤ ਰਾਹਦਾਰੀ ਦਾ ਪ੍ਰਬੰਧ ਕੀਤਾ ਸੀ।ਇਸ ਤੋਂ ਬਿਨਾਂ ਜਿਨ੍ਹਾਂ ਰਾਜਾਂ 'ਚੋਂ ਇਨ੍ਹਾਂ ਸ਼ਰਧਾਲੂਆਂ ਦੀਆਂ ਬੱਸਾਂ ਨੇ ਲੰਘ ਕੇ ਆਉਣਾ ਸੀ। ਉਨ੍ਹਾਂ ਨਾਲ ਵੀ ਪੰਜਾਬ ਸਰਕਾਰ ਵਲੋਂ ਮੁਕੰਮਲ ਤਾਲਮੇਲ ਕੀਤਾ ਗਿਆ ਸੀ ਤਾਂ ਜੋ ਰਸਤੇ ਵਿਚ ਇੰਨ੍ਹਾਂ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ।

ਇਹ ਵੀ ਪੜ੍ਹੋ: ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੀਤੇ ਅਹਿਮ ਖੁਲਾਸੇ

PunjabKesari

ਇਸ ਕਾਫਲੇ ਵਿਚ ਸ਼ਾਮਲ 8 ਬੱਸਾਂ ਅੱਜ ਪੰਜਾਬ 'ਚ ਦਾਖਲ ਹੋਈਆਂ, ਜਿਨ੍ਹਾਂ 'ਚੋਂ 7 ਬੱਸਾਂ ਬਠਿੰਡਾ ਜ਼ਿਲੇ ਦੇ ਹਰਿਆਣਾ ਨਾਲ ਲਗਦੇ ਡੂਮਵਾਲੀ ਬਾਰਡਰ ਰਾਹੀਂ ਜਦਕਿ ਇਕ ਫਾਜ਼ਿਲਕਾ ਜ਼ਿਲੇ ਦੇ ਅਬੋਹਰ ਰਾਹੀਂ ਪੰਜਾਬ ਵਿਚ ਪਹੁੰਚੀ।ਇੰਨ੍ਹਾਂ ਬੱਸਾਂ ਵਿਚ ਬਠਿੰਡਾ ਜ਼ਿਲੇ ਦੇ ਨਾਗਰਿਕਾਂ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ,ਲੁਧਿਆਣਾ, ਕਪੂਰਥਲਾ, ਗੁਰਦਾਸਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜਾਦਾ ਅਜੀਤ ਸਿੰਘ ਨਗਰ, ਜਲੰਧਰ, ਫਾਜ਼ਿਲਕਾ, ਸੰਗਰੂਰ, ਪਟਿਆਲਾ, ਮੋਗਾ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਦੇ ਸ਼ਰਧਾਲੂ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਰਾਹਤ ਭਰੀ ਖਬਰ: ਇਕ ਹੋਰ ਮਰੀਜ਼ ਨੇ ਕੋਵਿਡ-19 ਨੂੰ ਦਿੱਤੀ ਮਾਤ

PunjabKesari

ਪੰਜਾਬ ਦੀ ਹੱਦ ਅੰਦਰ ਪ੍ਰਵੇਸ਼ ਕਰਨ ਤੇ ਬਠਿੰਡਾ ਦੇ ਐੱਸ.ਡੀ.ਐੱਮ. ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸ: ਸੁਖਬੀਰ ਸਿੰਘ ਬਰਾੜ ਦੀ ਅਗਵਾਈ ਵਿਚ ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਅਤੇ ਸ਼ਰਧਾਲੂਆਂ ਨੂੰ ਨਾਸ਼ਤਾ, ਪਾਣੀ, ਮਾਸਕ, ਸੈਨੀਟਾਈਜ਼ਰ ਦਿੱਤੇ ਗਏ ਅਤੇ ਬੱਸਾਂ ਨੂੰ ਸਬੰਧਤ ਜ਼ਿਲਿਆਂ ਲਈ ਰਵਾਨਾ ਕਰ ਦਿੱਤਾ ਗਿਆ। ਜਦਕਿ ਬਠਿੰਡਾ ਜ਼ਿਲੇ ਦੇ 21 ਨਾਗਰਿਕਾਂ ਨੂੰ ਸਿੱਧੇ ਇਕਾਂਤਵਾਸ ਕੇਂਦਰ ਵਿਚ ਲਿਜਾਇਆ ਗਿਆ, ਜਿੱਥੇ ਇੰਨ੍ਹਾਂ ਦੀ ਮੁਕੰਮਲ ਮੈਡੀਕਲ ਜਾਂਚ ਹੋਵੇਗੀ ਅਤੇ ਸਾਰੇ ਮੈਡੀਕਲ ਨਿਯਮਾਂ ਦੀ ਪਾਲਣਾ ਤੋਂ ਬਾਅਦ ਹੀ ਇੰਨ੍ਹਾਂ ਨੂੰ ਘਰ ਭੇਜਿਆ ਜਾਵੇਗਾ।

PunjabKesari

ਇਸ ਮੌਕੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਜਿਸ ਨੇ ਲਗਾਤਾਰ ਭਾਰਤ ਸਰਕਾਰ ਅਤੇ ਦੂਜੀਆਂ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਵਾਪਸੀ ਲਈ ਰਾਹਦਾਰੀ ਦਾ ਪ੍ਰਬੰਧ ਕੀਤਾ।ਇੱਥੇ ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪੰਜਾਬ ਸਰਕਾਰ ਨੇ ਬਠਿੰਡਾ ਤੋਂ ਹੀ 80 ਬੱਸਾਂ ਦਾ ਕਾਫਲਾ ਨਾਂਦੇੜ ਸਾਹਿਬ ਲਈ ਰਵਾਨਾ ਕੀਤਾ ਹੈ ਜਿਸ ਰਾਹੀਂ ਉਥੇ ਰਹਿ ਗਏ ਹੋਰ 3200 ਸ਼ਰਧਾਲੂਆਂ ਨੂੰ ਇੰਨ੍ਹਾਂ ਬੱਸਾਂ ਰਾਹੀਂ ਮੁਫਤ ਪੰਜਾਬ ਲਿਆਂਦਾ ਜਾਵੇਗਾ।


author

Shyna

Content Editor

Related News