ਬਠਿੰਡਾ 'ਚ ਇਸ ਵਾਰ ਰਾਵਣ ਦੇ ਨਾਲ ਸਾੜਿਆ ਜਾਵੇਗਾ ਇਮਰਾਨ ਖਾਨ ਦਾ ਪੁੱਤਲਾ (ਵੀਡੀਓ)
Monday, Oct 07, 2019 - 03:10 PM (IST)
ਬਠਿੰਡਾ (ਅਮਿਤ ਸ਼ਰਮਾ) : ਪੰਜਾਬ ਵਿਚ ਬਠਿੰਡਾ ਦੇ ਪ੍ਰਤਾਪ ਨਗਰ ਦਾ ਦੁਸਹਿਰਾ ਬਹੁਤ ਮਸ਼ਹੂਰ ਹੈ। ਇਸ ਵਾਰ ਉਥੇ 50 ਤੋਂ 55 ਫੁੱਟ ਤੱਕ ਬਣੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁੱਤਲਿਆਂ ਦੇ ਨਾਲ-ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁੱਤਲਾ ਵੀ ਸਾੜਿਆ ਜਾਵੇਗਾ, ਜੋ ਸ਼ਹਿਰ ਭਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮੌਕੇ ਵਿਜੇ ਸ਼ਰਮਾ ਨੇ ਦੱਸਿਆ ਕਿ ਪਾਕਿਸਤਾਨੀ ਲੀਡਰਾਂ ਨੇ ਹਮੇਸ਼ਾ ਭਾਰਤ ਦੀ ਵਿਰੋਧਤਾ ਕੀਤੀ ਤੇ ਭਾਰਤ ਪ੍ਰਤੀ ਜ਼ਹਿਰ ਹੀ ਉਗਲਿਆ ਹੈ। ਹੁਣ ਵੀ ਧਾਰਮਕ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤੀਆਂ 'ਤੇ ਟੈਕਸ ਲਾ ਦਿੱਤਾ ਹੈ, ਜੋ ਨਾ ਸਿਰਫ ਨਿੰਦਣਯੋਗ ਹੈ ਬਲਕਿ ਘਿਨੌਣਾ ਜੁਰਮ ਹੈ, ਜਿਸ ਵਾਸਤੇ ਇਮਰਾਨ ਖਾਨ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਦਾ ਪੁਤਲਾ ਫੂਕ ਕੇ ਉਹ ਆਪਣੇ ਵਿਰੋਧ ਦਰਜ ਕਰਵਾ ਰਹੇ ਹਨ ਕਿ ਧਾਰਮਿਕ ਅਸਥਾਨ ਦੇ ਦਰਸ਼ਨਾਂ ਲਈ ਲਾਇਆ ਗਿਆ ਟੈਕਸ ਖਤਮ ਕਰ ਕੇ ਮੁਆਫੀ ਮੰਗਣ।
ਗੱਲਬਾਤ ਦੌਰਾਨ ਕੌਂਸਲਰ ਵਿਜੇ ਕੁਮਾਰ ਨੇ ਦੱਸਿਆ ਕਿ ਰਾਵਨ ਬਣਾਉਣ ਦਾ ਕੰਮ ਉਨ੍ਹਾਂ ਦੀ ਦੇਖ-ਰੇਖ ਵਿਚ ਚੱਲ ਰਿਹਾ ਹੈ ਅਤੇ ਇਸ ਵਾਰ ਪੁੱਤਲਿਆਂ ਨੂੰ ਮਿਜ਼ਾਇਲਾਂ ਨਾਲ ਉਡਾਇਆ ਜਾਵੇਗਾ ਅਤੇ ਪ੍ਰਦੂਸ਼ਣ ਰਹਿਤ ਪਟਾਕੇ ਵਰਤੇ ਜਾਣਗੇ। ਉਥੇ ਹੀ ਦੂਜੇ ਪਾਸੇ ਪੁੱਤਲੇ ਬਣਾਉਣ ਵਾਲੇ ਕਾਰੀਗਰ ਦਾ ਕਹਿਣਾ ਹੈ ਕਿ ਉਹ ਪਿਛਲੇ 20 ਸਾਲ ਤੋਂ ਪੁੱਤਲੇ ਬਣਾ ਰਿਹਾ ਹੈ। ਸਾਮਾਨ ਮਹਿੰਗਾ ਹੋਣ ਕਾਰਨ ਇਨ੍ਹਾਂ ਪੁੱਤਲਿਆਂ ਨੂੰ ਬਣਾ ਕੇ ਉਨ੍ਹਾਂ ਨੂੰ ਜ਼ਿਆਦਾ ਕਮਾਈ ਤਾਂ ਨਹੀਂ ਹੁੰਦੀ ਪਰ ਜਦੋਂ ਉਹ ਇਨ੍ਹਾਂ ਪੁੱਤਲਿਆਂ ਨੂੰ ਬਣਾਉਂਦੇ ਹਨ ਅਤੇ ਮੈਦਾਨ ਵਿਚ ਖੜ੍ਹਾ ਕਰਦੇ ਹਨ ਤਾਂ ਲੋਕ ਦੇ ਚਿਹਰੇ 'ਤੇ ਖੁਸ਼ੀ ਦੇਖ ਕੇ ਉਨ੍ਹਾਂ ਨੂੰ ਚੰਗਾ ਮਹਿਸੂਸ ਹੁੰਦਾ ਹੈ।