ਬਠਿੰਡਾ ਜ਼ਿਲ੍ਹੇ ਪਿਤਾ ਤੋਂ ਬਾਅਦ ਪੁੱਤਰ ਦੀ ਕੋਰੋਨਾ ਕਾਰਨ ਮੌਤ
Thursday, Nov 12, 2020 - 02:27 AM (IST)
ਬਠਿੰਡਾ, (ਵਰਮਾ)- 46 ਸਾਲਾ ਰਾਮਾਂ ਮੰਡੀ ਵਾਸੀ ਦੀ ਬੁੱਧਵਾਰ ਨੂੰ ਕੋਰੋਨਾ ਇਨਫੈਕਸ਼ਨ ਨਾਲ ਮੌਤ ਹੋ ਗਈ ਸੀ, ਜਦੋਂ ਕਿ ਕੇਵਲ ਇਕ ਮਹੀਨਾ ਪਹਿਲਾਂ ਉਸ ਦੇ 66 ਸਾਲਾ ਪਿਤਾ ਵੀ ਕੋਰੋਨਾ ਕਾਰਨ ਹੀ ਦਮ ਤੋੜ ਗਏ ਸਨ। ਜਾਣਕਾਰੀ ਅਨੁਸਾਰ ਰਾਮਾਂ ਮੰਡੀ ਵਾਸੀ ਜੋ ਕੋਰੋਨਾ ਤੋਂ ਪੀੜਤ ਸੀ ਨੂੰ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਨੂੰ ਸਾਹ ਲੈਣ ’ਚ ਮੁਸ਼ਕਿਲ ਅਤੇ ਤੇਜ਼ ਬੁਖਾਰ ਸੀ, ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਦੁੱਖ ਦੀ ਗੱਲ ਇਹ ਹੈ ਕਿ ਉਸ ਦੇ 66 ਸਾਲਾ ਪਿਤਾ ਦੀ ਵੀ ਇਕ ਮਹੀਨਾ ਪਹਿਲਾਂ ਇਸੇ ਸਥਿਤੀ ’ਚ ਮੌਤ ਹੋ ਚੁੱਕੀ ਹੈ।
ਇਸੇ ਦੌਰਾਨ ਕੋਰੋਨਾ ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ ’ਚੋਂ ਜ਼ਿਆਦਾਤਰ ਫੌਜੀ ਛਾਉਣੀ ਨਾਲ ਸਬੰਧਤ ਹਨ, ਜਦਕਿ ਹੋਰ ਮਾਮਲੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਹਨ। ਭਗਤਾ ਭਾਈਕਾ, ਡੀ. ਡੀ. ਮਿੱਤਲ ਟਾਵਰ, ਗੁਰੂ ਕੀ ਨਗਰੀ, ਸਿਵਲ ਹਸਪਤਾਲ, ਪਟੇਲ ਨਗਰ, ਪਰਸੂ ਰਾਮ ਨਗਰ, ਰੇਲਵੇ ਹਸਪਤਾਲ, ਸ਼ਹੀਦ ਭਗਤ ਸਿੰਘ ਨਗਰ, ਥਾਣਾ ਸਦਰ, ਥਰਮਲ ਪਲਾਂਟ, ਰਾਮਪੁਰਾ, ਬਾਲਿਆਂਵਾਲਾ ਵਿਖੇ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸੇ ਤਰ੍ਹਾਂ ਕੋਰੋਨਾ ਵੈਕਸੀਨ ਦੇ ਮਾਮਲੇ ’ਚ ਸਿਹਤ ਵਿਭਾਗ ਨੇ ਇਸ ਸਬੰਧੀ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਹਨ। ਸਿਹਤ ਵਿਭਾਗ ਨੇ ਇਹ ਫੈਸਲਾ ਕੀਤਾ ਗਿਆ ਕਿ ਜੇ ਵੈਕਸੀਨ ਦੀ ਖੇਪ ਜ਼ਿਲੇ ’ਚ ਆਈ, ਤਾਂ ਇਹ ਵੈਕਸੀਨ ਸਭ ਤੋਂ ਪਹਿਲਾਂ ਕੋਰੋਨਾ ਦੇ ਖਤਰੇ ਦੇ ਵਿਚਕਾਰ ਕੰਮ ਕਰਨ ਯਾਨੀ ਫਰੰਟ ਲਾਈਨ ’ਤੇ ਕੰਮ ਕਰਨ ਵਾਲਿਆਂ ਨੂੰ ਲਾਈ ਜਾਵੇਗੀ। ਅਜਿਹੇ 7500 ਤੋਂ ਵੱਧ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ’ਚ ਡਾਕਟਰ, ਨਰਸਾਂ, ਲੈਬ ਟੈਕਨੀਸ਼ੀਅਨ, ਮੈਡੀਕਲ ਸਟਾਫ, ਸਿਹਤ ਵਰਕਰ, ਸਫਾਈ ਕਰਮਚਾਰੀ, ਸਰਵੇਖਣ ਟੀਮਾਂ, ਆਂਗਣਵਾੜੀ ਵਰਕਰ, ਨਗਰ ਨਿਗਮ ਅਤੇ ਪੁਲਸ ਕਰਮਚਾਰੀ ਸ਼ਾਮਲ ਹਨ।
ਇਸ ਸ਼੍ਰੇਣੀ ਦੇ ਪੂਰਾ ਹੋਣ ਤੋਂ ਬਾਅਦ, ਸਰਕਾਰ ਅਤੇ ਵਿਭਾਗ 45 ਤੋਂ 60 ਸਾਲ ਤੱਕ ਦੇ ਬਲੱਡ ਪ੍ਰੈਸ਼ਰ, ਸ਼ੂਗਰ, ਦਮਾ ਅਤੇ ਹੋਰ ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵੈਕਸੀਨ ਦਿੱਤੀ ਜਾਵੇਗੀ। ਅਸਲ ’ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ’ਚ ਜ਼ਿਆਦਾਤਰ ਮੌਤਾਂ ਬੀ. ਪੀ., ਸ਼ੂਗਰ, ਦਮੇ ਅਤੇ ਹੋਰ ਗੰਭੀਰ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਦੀਆਂ ਹੋਈਆਂ ਹਨ। ਵੈਕਸੀਨ ਨੂੰ ਸੁਰੱਖਿਅਤ ਰੱਖਣ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਜ਼ਿਲਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਨੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਦਾ ਟੀਕਾਕਰਨ ਕੀਤਾ ਜਾਵੇਗਾ, ਉਨ੍ਹਾਂ ਦੇ ਵੇਰਵੇ ਆਧਾਰ ਕਾਰਡ ਨਾਲ ਲਿੰਕ ਕੀਤੇ ਜਾਣਗੇ ਤਾਂ ਜੋ ਟੀਕਾਕਰਨ ਦੌਰਾਨ ਕੋਈ ਪ੍ਰੇਸ਼ਾਨੀ ਨਾ ਹੋਵੇ। ਮੁੱਖ ਗੱਲ ਇਹ ਹੈ ਕਿ ਵੈਕਸੀਨ ਵਾਸਤੇ ਕੋਈ ਖ਼ਰਚਾ ਨਹੀਂ ਲਿਆ ਜਾਵੇਗਾ। ਸਾਰੇ ਕਰਮਚਾਰੀਆਂ ਨੂੰ ਵੈਕਸੀਨ ਮੁਫ਼ਤ ਲਗਾਈ ਜਾਵੇਗੀ। ਟਾਸਕ ਫੋਰਸ ਟੀਮ ਟੀਕਾਕਰਨ ਵਾਸਤੇ ਉਪਲੱਬਧ ਹੈ ਅਤੇ ਲੋੜ ਪੈਣ ’ਤੇ ਵਧਾ ਦਿੱਤਾ ਜਾਵੇਗਾ।
ਕੋਰੋਨਾ ਤੋਂ ਬਚਣ ਲਈ ਕਰੋ ਨਿਯਮਾਂ ਦਾ ਪਾਲਣ : ਸਿਵਲ ਸਰਜਨ
ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਘਰੇਲੂ ਨਿਗਰਾਨੀ ਤੇਜ਼ ਕਰ ਦਿੱਤੀ ਗਈ ਹੈ। ਇਸ ਦੇ ਲਈ ਵੱਖ-ਵੱਖ ਥਾਵਾਂ ’ਤੇ ਮੈਡੀਕਲ ਟੀਮਾਂ ਦਾ ਗਠਨ ਕਰ ਕੇ ਉਨ੍ਹਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪ੍ਰਸ਼ਾਸਨ ਕੋਰੋਨਾ ਦੀ ਲਾਗ ਦੇ ਫੈਲਣ ਨੂੰ ਰੋਕਣ ਅਤੇ ਆਪਣੀ ਦੂਜੀ ਲਹਿਰ ਨਾਲ ਨਿਪਟਣ ਲਈ, ਤਿਉਹਾਰਾਂ ਦੇ ਮੌਸਮ ’ਚ ਮਾਸਕ ਪਹਿਨਣ, ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕਰ ਰਿਹਾ ਹੈ।