ਬਠਿੰਡਾ ਦੇ ਬੱਸ ਸਟੈਂਡ ’ਤੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕੀਤੀ ਗਈ ਔਰਤ ਦੇ ਮਾਮਲੇ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ
Sunday, Nov 20, 2022 - 06:53 PM (IST)
ਬਠਿੰਡਾ (ਸੁਖਵਿੰਦਰ) : ਬੀਤੀ ਸ਼ਾਮ ਬੱਸ ਸਟੈਂਡ ਨੇੜੇ ਇਕ ਔਰਤ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਕੀਤ ਹੈ। ਪੁਲਸ ਨੇ ਮੁਲਜ਼ਮ ਤੋਂ ਵਾਰਦਾਤ ਵਿਚ ਵਰਤੀ ਗਈ ਪਿਸਤੌਲ ਵੀ ਬਰਾਮਦ ਕਰ ਲਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਔਰਤ ਜੋ ਕਿ ਕਾਤਲ ਦੀ ਮਾਮੀ ਸੀ, ਨੇ ਪਹਿਲਾਂ ਹੀ ਕੋਰਟ ਮੈਰਿਜ ਕੀਤੀ ਸੀ ਅਤੇ ਹੁਣ ਉਹ ਉਸ ਤੋਂ ਤਲਾਕ ਲੈਣ ਲਈ ਦਬਾਅ ਪਾ ਰਹੀ ਸੀ। ਇਸ ਤੋਂ ਨਾਰਾਜ਼ ਹੋ ਕੇ ਬੀਤੀ ਸ਼ਾਮ ਉਸ ਨੇ ਦੋ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮਾਂ ਦੇ ਦੋ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇਣ ਦਾ ਆਦੀ ਹੈ ਅਤੇ ਉਸ ਖ਼ਿਲਾਫ਼ ਬਠਿੰਡਾ ਅਤੇ ਹੋਰਨਾਂ ਜ਼ਿਲ੍ਹਿਆਂ ਦੇ ਥਾਣਿਆਂ ਵਿਚ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਹਰਵਿੰਦਰ ਰਿੰਦਾ ਦੀ ਮੌਤ ਬਾਰੇ ਵੱਡਾ ਖ਼ੁਲਾਸਾ, ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ
ਜਾਣਕਾਰੀ ਦਿੰਦਿਆਂ ਆਈ. ਜੀ. ਨੇ ਦੱਸਿਆ ਕਿ ਉਕਤ ਘਟਨਾ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੇ ਪੁੱਤਰ ਯੋਬਨਦੀਪ ਸਿੰਘ ਪੁੱਤਰ ਸਵਰਗੀ ਸੁਖਵਿੰਦਰ ਸਿੰਘ ਦੇ ਬਿਆਨਾਂ ’ਤੇ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਯੋਬਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੀ 2019 ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੀ ਮਾਤਾ ਕੁਲਵਿੰਦਰ ਕੌਰ (39) ਨੇ ਉਸਦੀ ਭੂਆ ਦੇ ਲੜਕੇ ਮੁਲਜ਼ਮ ਸੁਖਪਾਲ ਸਿੰਘ ਉਰਫ਼ ਸੁਰਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ। ਹੁਣ ਦੋਵਾਂ ਵਿਚਾਲੇ ਤਕਰਾਰ ਹੋ ਗਈ ਸੀ, ਜਿਸ ਕਾਰਨ ਉਸ ਦੀ ਮਾਂ ਸੁਖਪਾਲ ਸਿੰਘ ਨੂੰ ਤਲਾਕ ਦੇਣਾ ਚਾਹੁੰਦੀ ਸੀ, ਜਿਸ ਕਾਰਨ ਦੋਵਾਂ ਵਿਚਾਲੇ ਤਣਾਅ ਰਹਿੰਦਾ ਸੀ।
ਇਹ ਵੀ ਪੜ੍ਹੋ : ਬਠਿੰਡਾ ’ਚ ਵੱਡੀ ਵਾਰਦਾਤ, ਬੱਸ ਸਟੈਂਡ ’ਤੇ ਨੌਜਵਾਨ ਕੁੜੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
ਉਸ ਨੇ ਦੱਸਿਆ ਕਿ ਬੀਤੀ ਸ਼ਾਮ 5 ਵਜੇ ਉਹ ਆਪਣੀ ਮਾਤਾ ਕੁਲਵਿੰਦਰ ਕੌਰ ਨਾਲ ਬੱਸ ਸਟੈਂਡ ਦੇ ਸਾਹਮਣੇ ਮੌਜੂਦ ਸੀ ਤਾਂ ਦੋਸ਼ੀ ਸੁਖਪਾਲ ਸਿੰਘ ਆਪਣੇ ਮੋਟਰਸਾਈਕਲ ’ਤੇ ਦੋ ਅਣਪਛਾਤੇ ਵਿਅਕਤੀਆਂ ਨਾਲ ਉੱਥੇ ਆ ਗਿਆ ਅਤੇ ਉਸ ਦੀ ਮਾਂ ਨਾਲ ਝਗੜਾ ਕਰਨ ਲੱਗਾ। ਇਸ ਦੌਰਾਨ ਉਸ ਨੇ ਮੇਰੀ ਮਾਂ ’ਤੇ ਗੋਲ਼ੀਆਂ ਚਲਾ ਕੇ ਉਸਦਾ ਕਤਲ ਕਰ ਦਿੱਤਾ ਅਤੇ ਉਥੋਂ ਫਰਾਰ ਹੋ ਗਿਆ। ਆਈ. ਜੀ. ਐੱਸ. ਪੀ.ਐੱਸ. ਪਰਮਾਰ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਤੁਰੰਤ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਪੁਲਸ ਨੇ ਮੁਕਤਸਰ-ਮਲੋਟ ਰੋਡ ’ਤੇ ਨਾਕਾਬੰਦੀ ਦੌਰਾਨ ਮੁਲਜ਼ਮ ਸੁਖਪਾਲ ਸਿੰਘ ਨੂੰ ਕਾਬੂ ਕੀਤਾ। ਪੁਲਸ ਨੇ ਮੁਲਜ਼ਮ ਕੋਲੋਂ 32 ਬੋਰ ਦਾ ਰਿਵਾਲਵਰ, 2 ਕਾਰਤੂਸ ਅਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਲੁੱਟ-ਖੋਹ ਦਾ ਆਦੀ ਸੀ ਅਤੇ ਉਸ ਖ਼ਿਲਾਫ਼ ਬਠਿੰਡਾ, ਡੱਬਵਾਲੀ, ਗਿੱਦੜਬਾਹਾ, ਸਿਰਸਾ ਆਦਿ ਵਿਚ ਕੁੱਲ 13 ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਮੁਲਜ਼ਮਾਂ ਦੇ ਦੋ ਸਾਥੀਆਂ ਬਾਰੇ ਵੀ ਪਤਾ ਲਗਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀਆਂ ਵਾਰਦਾਤਾਂ ਦੀ ਚਿਤਾਵਨੀ, ਖੁਫ਼ੀਆਂ ਵਿਭਾਗ ਦੀ ਇਨਪੁੱਟ ਤੋਂ ਬਾਅਦ ਪੁਲਸ ਅਲਰਟ ’ਤੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।