ਬਠਿੰਡਾ 'ਚ ਕਿਸਾਨ ਮੇਲੇ ਦਾ ਆਯੋਜਨ, ਬੀਬਾ ਬਾਦਲ ਨੇ ਕੀਤੀ ਸ਼ਿਰਕਤ
Monday, Feb 18, 2019 - 05:47 PM (IST)
ਬਠਿੰਡਾ(ਵਰਮਾ,ਅਮਿਤ)— ਕੇਂਦਰੀ ਫੂਡ ਐਂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀ ਵਿਗਿਆਨ ਕੇਂਦਰ 'ਚ ਲਾਏ ਗਏ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਖੇਤੀ ਨੂੰ ਲਾਭਦਾਇਕ ਬਣਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ 30 ਫੀਸਦੀ ਅਨਾਜ ਦਾ ਉਤਪਾਦਨ ਕਰਦਾ ਹੈ ਅਤੇ ਆਪਣੀ ਮਿਹਨਤ ਨਾਲ ਕਰੋੜਾਂ ਲੋਕਾਂ ਦਾ ਪੇਟ ਭਰਦਾ ਹੈ। ਕਿਸਾਨਾਂ ਨੂੰ ਆਪਣੇ ਉਤਪਾਦਨ ਵਿਚ ਜ਼ਿਆਦਾ ਫਾਇਦਾ ਨਹੀਂ ਹੋ ਰਿਹਾ, ਜਿਸ ਕਾਰਨ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਕਿਸਾਨਾਂ ਨੂੰ ਹੋਰ ਧੰਦਿਆਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਰ 'ਚ 14 ਫੂਡ ਪ੍ਰੋਸੈਸਿੰਗ ਪ੍ਰਾਜੈਕਟ ਮਨਜ਼ੂਰ ਹੋ ਚੁੱਕੇ ਹਨ। ਜਿਨ੍ਹਾਂ 'ਤੇ ਹੁਣ ਤੱਕ 1500 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਕੇਂਦਰ ਸਰਕਾਰ ਦੀ ਇਸ ਸਕੀਮ ਤਹਿਤ 30 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਮੈਗਾਫੂਡ ਪਾਰਕ ਉਨ੍ਹਾਂ ਦੇ ਮੰਤਰਾਲਾ ਵਲੋਂ ਬਣਾਏ ਗਏ ਹਨ, ਜਿਸ 'ਚ 50 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਦਾ ਕਿਸਾਨਾਂ ਨੂੰ ਲਾਭ ਹੋਵੇਗਾ। ਬੀਬਾ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਸਾਲ ਦੇਣ ਦੀ ਯੋਜਨਾ ਤਿਆਰ ਕੀਤੀ ਹੈ, ਉਸ ਨਾਲ ਕਿਸਾਨ ਪੂਰੀ ਤਰ੍ਹਾਂ ਖੁਸ਼ ਹਨ। ਇਸ ਮੌਕੇ ਖੇਤੀ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਨੇ ਕਿਹਾ ਕਿ ਕਿਸਾਨ ਉਕਤ ਮੰਤਰਾਲਾ ਦੀਆਂ ਸਕੀਮਾਂ ਤੋਂ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ 'ਚ ਵਾਧਾ ਹੋਵੇਗਾ।
ਬੀਬਾ ਬਾਦਲ ਨੇ ਬਠਿੰਡਾ ਰੇਲਵੇ ਸਟੇਸ਼ਨ 'ਤੇ ਨਵੇਂ ਪੈਦਲ ਪੁਲ, ਨਵੇਂ ਉਡੀਕ ਘਰ ਤੇ ਬਿਜਲੀਕਰਨ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਬਠਿੰਡਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਜੰਕਸ਼ਨ ਹੈ, ਜਿਥੇ ਕਈ ਨਵੀਆਂ ਗੱਡੀਆਂ ਦਾ ਚਲਣ ਵੀ ਹੋਇਆ। ਇਸ ਰੇਲਵੇ ਸਟੇਸ਼ਨ ਦੇ ਟਰੈਕ ਡਬਲ ਕਰ ਦਿੱਤੇ ਗਏ ਹਨ ਅਤੇ ਗੱਡੀਆਂ ਦਾ ਬਿਜਲੀਕਰਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਮਜ਼ ਦੇ ਆਉਣ ਨਾਲ ਬਠਿੰਡਾ ਵਿਕਾਸ ਵਲੋਂ ਪ੍ਰਗਤੀਸ਼ੀਲ ਹੋਇਆ ਹੈ। ਪੰਜਾਬ ਦੇ ਨਾਲ ਹੋਰ ਸੂਬਿਆਂ ਦੇ ਵੱਡੀ ਗਿਣਤੀ 'ਚ ਰੋਗੀ ਤੇ ਲੋਕ ਐਮਜ਼ ਦਾ ਫਾਇਦਾ ਚੁੱਕਣਗੇ ਤੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਦੇ ਵਿਸਥਾਰ ਦੀ ਸੁਵਿਧਾ ਵੀ ਪ੍ਰਾਪਤ ਹੋਵੇਗੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੋਕ ਸਭਾ ਹਲਕੇ 'ਚ ਹੁਣ ਤੱਕ 70 ਨਵੇਂ ਰੇਲਵੇ ਅੰਡਰਬ੍ਰਿਜ ਬਣਾਏ ਗਏ ਹਨ। ਕਾਂਗਰਸ 'ਤੇ ਬਰਸਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਦੋ ਸਾਲ ਇੰਝ ਹੀ ਲੰਘਾ ਦਿੱਤੇ ਤੇ ਲੋਕਾਂ ਨੂੰ ਕੋਈ ਸੁਵਿਧਾ ਨਹੀਂ ਦਿੱਤੀ ਅਤੇ ਅਗਲੇ ਤਿੰਨ ਸਾਲ ਵੀ ਇੰਝ ਹੀ ਨਿਕਲ ਜਾਣਗੇ। ਹੁਣ ਪੰਜਾਬ ਦੀ ਜਨਤਾ ਉਨ੍ਹਾਂ 'ਤੇ ਕਦੇ ਵੀ ਵਿਸ਼ਵਾਸ ਨਹੀਂ ਕਰੇਗੀ। ਇਸ ਮੌਕੇ ਰੇਲਵੇ ਦੇ ਕਈ ਉੱਚ ਅਧਿਕਾਰੀ ਜਿਨ੍ਹਾਂ 'ਚ ਅੰਬਾਲਾ ਦੇ ਡੀ. ਆਰ. ਐੱਮ. ਦਿਨੇਸ਼ ਚੰਦਰ ਸ਼ਰਮਾ, ਸੀਨੀਅਰ ਡੀ. ਸੀ. ਐੱਮ. ਹਰਿ ਮੋਹਨ, ਸੀਨੀਅਰ ਡੀ. ਐੱਮ. ਜੀ. ਵਰਿੰਦਰ ਕਾਦਯਾਨ, ਸਟੇਸ਼ਨ ਸੁਪਰਡੈਂਟ ਰਾਮ ਸਰੂਪ ਮੀਨਾ ਤੇ ਹੋਰ ਉੱਚ ਅਧਿਕਾਰੀ ਫਿਰੋਜ਼ਪੁਰ ਤੇ ਅੰਬਾਲਾ ਮੰਡਲ 'ਚੋਂ ਸ਼ਾਮਲ ਸਨ।