ਲੋਕ ਸਭਾ ਹਲਕਾ ਬਠਿੰਡਾ ''ਚ ਬਾਦਲ ਪਰਿਵਾਰ ਦਾ ਵੱਕਾਰ ਦਾਅ ''ਤੇ
Wednesday, May 22, 2019 - 09:49 AM (IST)

ਬਠਿੰਡਾ (ਬਿਊਰੋ) - ਪੰਜਾਬ ਦੀਆਂ ਹੌਟ ਸੀਟਾਂ 'ਚੋਂ ਇਸ ਵਾਰੀ ਲੋਕ ਸਭਾ ਹਲਕਾ ਬਠਿੰਡਾ 'ਚ ਬਾਦਲ ਪਰਿਵਾਰ ਦਾ ਵੱਕਾਰ ਦਾਅ 'ਤੇ ਲੱਗਾ ਹੋਇਆ ਹੈ। ਦੱਸ ਦੇਈਏ ਕਿ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਹੀ ਹੈ, ਕਿਉਂਕਿ 1962 ਤੋਂ ਲੈ ਕੇ 2014 ਤੱਕ 10 ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਹੀ ਇਥੋਂ ਬਾਜ਼ੀ ਮਾਰੀ ਹੈ। ਪਿਛਲੇ ਸਾਲਾ ਨਾਲੋਂ ਇਸ ਸੀਟ 'ਤੇ ਇਸ ਵਾਰੀ ਮੁਕਾਬਲਾ ਬਹੁਤ ਰੌਚਕ ਹੈ, ਕਿਉਂਕਿ ਇਸ ਵਾਰ ਅਸਲ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਹੋ ਰਿਹਾ ਹੈ।
ਨਿੱਜੀ ਚੈਨਲਾਂ 'ਤੇ ਚੱਲ ਰਹੇ ਐਗਜ਼ਿਟ ਪੋਲਜ਼ ਦੇ ਮੁਤਾਬਕ ਬੀਬਾ ਹਰਸਿਮਰਤ ਬਾਦਲ ਦੀ ਦਿੱਲੀ ਦੀ ਟਿਕਟ ਇਸ ਵਾਰ ਨਹੀਂ ਲਗੇਗੀ, ਕਿਉਂਕਿ ਇਸ ਵਾਰ ਬਾਜ਼ੀ ਕਾਂਗਰਸ ਦੇ ਰਾਜਾ ਵੜਿੰਗ ਮਾਰ ਸਕਦੇ ਹਨ। ਦੱਸ ਦੇਈਏ ਕਿ ਅਖਬਾਰਾਂ ਅਤੇ ਨਿਊਜ਼ ਚੈਨਲਾਂ ਵਲੋਂ ਚਲਾਏ ਜਾਂਦੇ ਐਗਜ਼ਿਟ ਪੋਲ ਹਮੇਸ਼ਾ ਸਹੀ ਸਾਬਤ ਨਹੀਂ ਹੁੰਦੇ। ਇਸ ਲਈ ਬਠਿੰਡਾ ਦੀ ਸੀਟ ਕਿਸ ਦੀ ਝੋਲੀ 'ਚ ਪੈਂਦੀ ਹੈ ਇਹ ਤਾਂ 23 ਮਈ ਨੂੰ ਆ ਰਹੇ ਨਤੀਜਿਆਂ 'ਚ ਹੀ ਸਾਫ ਹੋਵੇਗਾ।