ਕਾਂਗਰਸ ਤੋਂ ਦੁਖੀ ਕਿਸਾਨ ਬਿਜਲੀ ਦਫਤਰਾਂ ''ਚ ਜਾ ਕੇ ਕਰ ਰਿਹੈ ਖੁਦਕੁਸ਼ੀਆਂ : ਮਜੀਠੀਆ
Wednesday, May 08, 2019 - 09:56 AM (IST)

ਬਠਿੰਡਾ/ਭੁੱਚੋ ਮੰਡੀ/ (ਜ.ਬ.) - ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਤਕੜਾ ਹੁਲਾਰਾ ਮਿਲਿਆ ਜਦੋਂ ਇਸ ਇਲਾਕੇ ਦੇ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ 'ਚ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਏ। ਇਸ ਮੌਕੇ ਮਜੀਠੀਆ ਨੇ ਬਠਿੰਡਾ 'ਚ 20 ਸਾਲਾਂ ਤਕ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਸਵ. ਗੁਰਨਾਮ ਸਿੰਘ ਸੀਮਾ ਦੇ ਸਪੁੱਤਰ ਰਜਿੰਦਰ ਸਿੰਘ ਲਾਲੀ ਦਾ ਅਕਾਲੀ ਦਲ 'ਚ ਗਰਮਜੋਸ਼ੀ ਨਾਲ ਸਵਾਗਤ ਕੀਤਾ।ਇਸ ਦੌਰਾਨ ਭੁੱਚੀ ਮੰਡੀ 'ਚ ਪੈਂਦੇ ਵੱਖ-ਵੱਖ ਪਿੰਡਾਂ 'ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਵਾਰ-ਵਾਰ ਬਿਜਲੀ ਦਰਾਂ ਵਧਾ ਕੇ ਆਮ ਲੋਕਾਂ 'ਤੇ ਇੰਨਾ ਬੋਝ ਪਾ ਦਿੱਤਾ ਹੈ ਕਿ ਕਿਸਾਨ ਬਿਜਲੀ ਬੋਰਡ ਦੇ ਦਫਤਰਾਂ 'ਚ ਜਾ ਕੇ ਖੁਦਕੁਸ਼ੀਆਂ ਕਰ ਰਹੇ ਹਨ।
ਸੋਮਵਾਰ ਨੂੰ ਭਿੱਖੀਵਿੰਡ 'ਚ ਪਿੰਡ ਮਾੜੀ ਸਮਰਾ ਦੇ ਕਿਸਾਨ ਬਲਬੀਰ ਸਿੰਘ ਵਲੋਂ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਖੱਜਲ-ਖੁਆਰੀ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ ਦਾ ਹਵਾਲਾ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਪੀੜਤ ਕਿਸਾਨ ਨੂੰ 28 ਹਜ਼ਾਰ ਰੁਪਏ ਦਾ ਬਿੱਲ ਭੇਜਿਆ ਗਿਆ ਸੀ, ਜਿਹੜਾ ਉਸ ਨੇ ਕੌੜਾ ਘੁੱਟ ਭਰ ਕੇ ਦੇ ਦਿੱਤਾ ਸੀ। ਇਸ ਦੇ ਬਾਵਜੂਦ ਅਧਿਕਾਰੀਆਂ ਵਲੋਂ ਉਸ ਦਾ ਬਿੱਲ ਕਲੀਅਰ ਨਹੀਂ ਸੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੀੜਤ ਕਿਸਾਨ ਨੇ ਬਿਜਲੀ ਬੋਰਡ ਦੇ ਦਫਤਰ ਜਾ ਕੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਹਨ, ਉਸ ਤੋਂ ਸਾਬਿਤ ਹੁੰਦਾ ਹੈ ਕਿ ਮੌਜੂਦਾ ਕਾਂਗਰਸ ਸਰਕਾਰ ਅਧੀਨ ਸਰਕਾਰੀ ਦਫ਼ਤਰਾਂ 'ਚ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਉਹ ਦੁਖੀ ਹੋ ਕੇ ਖੁਦਕੁਸ਼ੀ ਵਰਗੇ ਕਦਮ ਚੁੱਕਣ ਲਈ ਮਜਬੂਰ ਹੋ ਰਹੇ ਹਨ।
ਕਾਂਗਰਸ ਸਰਕਾਰ ਦੇ ਕਿਸਾਨ-ਵਿਰੋਧੀ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰਨ ਮਗਰੋਂ ਪਿਛਲੇ ਦੋ ਸਾਲਾਂ ਦੌਰਾਨ 1500 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਇੰਨਾ ਹੀ ਨਹੀਂ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਢੁੱਕਵੇਂ ਪ੍ਰਬੰਧ ਨਾ ਕਰਕੇ ਮੰਡੀਆਂ ਵਿਚ ਕਿਸਾਨ ਰੁਲ ਰਹੇ ਹਨ। ਮੁੱਖ ਮੰਤਰੀ ਕੋਲ ਆਮ ਲੋਕਾਂ ਦੇ ਦੁਖੜੇ ਸੁਣਨ ਦੀ ਵਿਹਲ ਨਹੀਂ ਹੈ। ਜਿੱਥੇ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਪ੍ਰਸ਼ਾਸਨ ਦੀ ਅਣਗਹਿਲੀ ਅਤੇ ਸਰਕਾਰ ਦੀ ਸੰਵੇਦਨਹੀਣਤਾ ਕਰਕੇ ਆਪ ਜਾਨ ਦੇਣੀ ਪੈ ਰਹੀ ਹੋਵੇ, ਉਸ ਸੂਬੇ ਦੇ ਮੁੱਖ ਮੰਤਰੀ ਲਈ ਇਸ ਤੋਂ ਵੱਧ ਸ਼ਰਮਨਾਕ ਗੱਲ ਹੋਰ ਕਿਹੜੀ ਹੋ ਸਕਦੀ ਹੈ?