ਜੱਦੀ ਪਿੰਡ ਵਾਲਿਆਂ ਨੂੰ ਵੀ ਖੁਸ਼ ਨਹੀਂ ਕਰ ਸਕੇ ਕੈਪਟਨ

Tuesday, Nov 19, 2019 - 01:00 PM (IST)

ਜੱਦੀ ਪਿੰਡ ਵਾਲਿਆਂ ਨੂੰ ਵੀ ਖੁਸ਼ ਨਹੀਂ ਕਰ ਸਕੇ ਕੈਪਟਨ

ਬਠਿੰਡਾ (ਵੈੱਬ ਡੈਸਕ) :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਪਿੰਡ ਮਿਹਰਾਜ ਦੇ ਲੋਕਾਂ ਨੂੰ ਖੁਸ਼ ਕਰਨ ਵਿਚ ਅਸਫਲ ਰਹੇ ਹਨ। ਦਰਅਸਲ ਕੈਪਟਨ ਨੇ ਆਪਣੇ ਜੱਦੀ ਪਿੰਡ ਮਿਹਰਾਜ ਵਿਚ 28 ਜਨਵਰੀ 2019 ਨੂੰ ਕਰਜ਼ ਮੁਆਫੀ ਮੁਹਿੰਮ ਦੇ ਤੀਜੇ ਪੜਾਅ ਦੀ ਸ਼ੁਰੂਆਤ ਦੇ ਸਮੇਂ ਪਿੰਡ ਦੇ ਵਿਕਾਸ ਲਈ 28 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਸਿਰਫ ਡੇਢ ਕਰੋੜ ਰੁਪਏ ਹੀ ਜਾਰੀ ਹੋਏ ਹਨ। ਇਸ ਤੋਂ ਇਲਾਵਾ 6.5 ਕਰੋੜ ਰੁਪਏ ਦੇ ਟੈਂਡਰ ਲੱਗੇ ਤਾਂ ਹਨ ਪਰ ਉਨ੍ਹਾਂ ਦਾ ਕੰਮ ਸ਼ੁਰੂ ਨਹੀਂ ਹੋਇਆ। ਉਥੇ ਹੀ ਬਾਕੀ ਦੇ 20 ਕਰੋੜ ਦੇ ਕੰਮ ਹੋਣੇ ਤਾਂ ਦੂਰ ਐਸਟੀਮੇਟ ਵੀ ਪਾਸ ਨਹੀਂ ਹੋ ਸਕੇ ਹਨ।

ਪਿੰਡ ਮਿਹਰਾਜ ਵਿਚ ਜਦੋਂ 28 ਜਨਵਰੀ ਨੂੰ ਸਮਾਗਮ ਕਰਵਾਇਆ ਗਿਆ ਸੀ ਤਾਂ ਮੁੱਖ ਮੰਤਰੀ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ 'ਤੇ ਦੋਸ਼ ਵੀ ਲਗਾਇਆ ਸੀ ਕਿ ਇਹ ਪਿੰਡ ਉਨ੍ਹਾਂ ਦੇ ਪੁਰਵਜਾਂ ਦਾ ਹੈ, ਜਿਸ ਕਾਰਨ ਪੰਜਾਬ ਵਿਚ 10 ਸਾਲ ਤੱਕ ਸਤਾਂ ਵਿਚ ਰਹੀ ਅਕਾਲੀ-ਭਾਜਪਾ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਪਰ ਹੁਣ ਮੁੱਖ ਮੰਤਰੀ ਦੇ ਐਲਾਨ ਨੂੰ ਵੀ ਲੱਗਭਗ 10 ਮਹੀਨੇ ਬੀਤ ਗਏ ਹਨ ਅਤੇ 20 ਕਰੋੜ ਰੁਪਏ ਦੇ ਕੰਮ ਪੈਂਡਿੰਗ ਹਨ।

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕੈਪਟਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਪਿੰਡ ਦਾ ਵੱਡੇ ਪੱਧਰ 'ਤੇ ਵਿਕਾਸ ਹੋਇਆ ਸੀ, ਜਿਸ ਵਿਚ ਹਸਪਤਾਲ ਤੋਂ ਇਲਾਵਾ ਲੋਕਾਂ ਦੀਆਂ ਸੁਵਿਧਾਵਾਂ ਦੀ ਹਰ ਇਕ ਚੀਜ਼ ਸੀ। ਉਥੇ ਹੀ ਦੁਬਾਰਾ ਤੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਕੈਪਟਨ ਤੋਂ ਬਹੁਤ ਉਮੀਦਾਂ ਸਨ ਜੋ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਹਨ। ਜਦਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਖੁਦ ਆਪਣੇ ਪਿੰਡ ਵਿਚ ਆਏ ਸਨ ਅਤੇ ਉਨ੍ਹਾਂ ਨੇ ਆਪਣੇ ਪੁਰਵਜਾਂ ਦੀ ਸਮਾਧਿ 'ਤੇ ਮੱਥਾ ਵੀ ਟੇਕਿਆ ਸੀ। ਲੋਕਾਂ ਨੂੰ ਆਸ ਸੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਨਿਕਲੇਗਾ।


author

cherry

Content Editor

Related News