ਬਟਾਲਾ : ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀਆਂ ਗੋਲੀਆਂ, 5 ਜ਼ਖਮੀ (ਵੀਡੀਓ)

12/14/2018 5:17:48 PM

ਬਟਾਲਾ (ਬੇਰੀ, ਸਾਹਿਲ) : ਫਤਿਹਗੜ੍ਹ ਚੂੜੀਆਂ ਦੇ ਪਿੰਡ ਸੈਦਪੁਰ ਕਲਾਂ 'ਚ ਉਸ ਵੇਲੇ ਮਾਹੌਲ ਪੂਰਾ ਤਨਾਅਪੂਰਨ ਬਣ ਗਿਆ, ਜਦੋਂ ਪੰਚਾਇਤੀ ਚੋਣਾਂ ਦੇ ਮੁੱਦੇ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ਦਰਮਿਆਨ ਖੜਕ ਪਈ ਤੇ ਇਸ ਦੌਰਾਨ ਦੋਵੇਂ ਪਾਸਿਓਂ ਚੱਲੀਆਂ ਗੋਲੀਆਂ 'ਚ ਔਰਤ ਸਣੇ 5 ਜਣੇ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਸਿਮਰਜੀਤ ਕੌਰ ਪਤਨੀ ਹਰਭਜਨ ਸਿੰਘ ਵਾਸੀ ਪਿੰਡ ਸੈਦਪੁਰ ਕਲਾਂ ਨੇ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ ਅਤੇ ਅੱਜ ਸਵੇਰੇ ਉਹ ਘਰ 'ਚ ਬੈਠੇ ਹੋਏ ਸੀ ਕਿ ਇਸੇ ਦੌਰਾਨ ਪਿੰਡ ਦੇ ਹੀ ਕਾਂਗਰਸੀ ਆਪਣੇ ਸਾਥੀਆਂ ਸਮੇਤ ਸਾਡੇ ਘਰ ਆ ਗਏ ਅਤੇ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ 'ਚ ਵੋਟ ਕਿਸ ਨੂੰ ਪਾਉਣੀ ਹੈ? ਸਬੰਧੀ ਗੱਲਬਾਤ ਕਰਨ ਲੱਗ ਪਏ ਜਿਸ 'ਤੇ ਇਸ ਦੌਰਾਨ ਉਨ੍ਹਾਂ ਨੇ ਸਾਡੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਂਗਰਸੀਆਂ ਨੇ ਸਾਡੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਮੇਰੇ ਢਿੱਡ 'ਚ ਲੱਗੀ ਅਤੇ ਮੇਰੇ ਭਤੀਜਿਆਂ ਮਨਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਦੀ ਲੱਤ 'ਤੇ ਅਤੇ ਹੁਸ਼ਿਆਰ ਸਿੰਘ ਉਰਫ ਲਾਡੀ ਪੁੱਤਰ ਸਤਨਾਮ ਸਿੰਘ ਦੇ ਪੱਟ  'ਚ ਵੱਜੀਆਂ ਜਿਸ ਕਾਰਨ ਅਸੀਂ ਗੰਭੀਰ ਜ਼ਖਮੀ ਹੋ ਗਏ ਅਤੇ ਉਪਰੰਤ ਸਾਨੂੰ ਸਿਵਲ ਹਸਪਤਾਲ  ਬਟਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ।  

ਇਸ ਦੌਰਾਨ ਜ਼ਖਮੀ ਹੋਏ ਅਕਾਲੀ ਪਾਰਟੀ ਨਾਲ ਸਬੰਧਤ ਵਿਅਕਤੀਆਂ ਦਾ ਹਾਲ-ਚਾਲ ਪੁੱਛਣ  ਲਈ ਸਿਵਲ ਹਸਪਤਾਲ ਬਟਾਲਾ ਵਿਖੇ ਉਚੇਚੇ ਤੌਰ 'ਤੇ ਪਹੁੰਚੇ ਮਾਝਾ ਜ਼ੋਨ ਯੂਥ ਅਕਾਲੀ ਦਲ ਦੇ  ਪ੍ਰਧਾਨ ਅਤੇ ਸਾਬਕਾ ਚੇਅਰਮੈਨ ਰਵੀਕਰਨ ਸਿੰਘ ਕਾਹਲੋਂ ਨੇ ਜਿਥੇ ਅਕਾਲੀ ਵਰਕਰਾਂ ਦਾ ਹਾਲ ਜਾਣਿਆ, ਉਥੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਮਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ ਜੋ ਵਿਧਾਨ ਸਭਾ ਦੇ ਸ਼ੁਰੂ ਹੋਣ ਵਾਲੇ ਸੈਸ਼ਨ 'ਚ ਇਹ ਮੁੱਦਾ ਚੁੱਕਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਵਰਕਰਾਂ ਨਾਲ ਚੱਟਾਨ ਵਾਂਗ  ਖੜ੍ਹਾ ਹੈ।  

PunjabKesari

ਉੱਧਰ ਕਾਂਗਰਸੀ ਪਾਰਟੀ ਨਾਲ ਸਬੰਧਤ ਦੂਜੀ ਧਿਰ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ  ਵਿਅਕਤੀਆਂ ਲਵਪ੍ਰੀਤ ਸਿੰਘ ਪੁੱਤਰ ਮਨਬੀਰ ਸਿੰਘ ਵਾਸੀ ਸੈਦਪੁਰ ਕਲਾਂ ਨੇ ਦੱਸਿਆ ਕਿ ਉਹ ਆਪਣੀ ਭੂਆ ਦੇ ਲੜਕੇ ਜਗੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਘੁਮਾਣ ਨਾਲ ਹਰਭਜਨ ਸਿੰਘ ਦੇ ਘਰ ਅੱਗੋਂ ਲੰਘ ਰਿਹਾ ਸੀ ਤਾਂ ਉਕਤ ਵਿਅਕਤੀ ਸਾਥੀਆਂ ਸਮੇਤ ਸਾਡੇ ਗਲੇ ਪੈ ਗਏ ਅਤੇ ਸਾਡੇ 'ਤੇ ਹਮਲਾ ਕਰਦਿਆਂ ਜਿਥੇ ਸਾਨੂੰ ਦੋਵਾਂ ਨੂੰ ਸੱਟਾਂ ਮਾਰੀਆਂ, ਉਥੇ ਨਾਲ ਹੀ ਸਾਡੇ 'ਤੇ ਗੋਲੀਆਂ ਚਲਾ ਦਿੱਤੀਆਂ ਜੋ ਮੈਨੂੰ ਤੇ ਮੇਰੇ ਭੂਆ ਦੇ ਲੜਕੇ ਨੂੰ ਲੱਗੀਆਂ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਹਥਿਆਰ ਪੁਲਸ ਪਾਸ ਜਮ੍ਹਾ ਹੈ ਜਦਕਿ ਉਕਤ ਧਿਰ ਨੇ ਆਪਣੇ ਹਥਿਆਰ ਅਜੇ ਤੱਕ ਪੁਲਸ ਕੋਲ ਜਮ੍ਹਾ ਨਹੀਂ ਕਰਵਾਏ।  

PunjabKesari

ਉਕਤ ਮਾਮਲੇ ਸਬੰਧੀ ਜਦੋਂ ਥਾਣਾ ਕਿਲਾ ਲਾਲ ਸਿੰਘ ਦੇ ਐੱਸ.ਐੱਚ.ਓ. ਅਮੋਲਕਦੀਪ  ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਗੰਭੀਰ ਜ਼ਖਮੀ ਹਨ  ਅਤੇ ਅਜੇ ਤੱਕ ਉਨ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪੁਲਸ ਪੂਰੀ  ਤਰ੍ਹਾਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ  ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।  ਅਜੇ ਦੋਵਾਂ ਧਿਰਾਂ ਦੇ ਹਥਿਆਰ  ਜਮ੍ਹਾ ਨਹੀਂ ਹੋਏ ਹਨ।  


Baljeet Kaur

Content Editor

Related News