ਤ੍ਰਿਪਤ ਬਾਜਵਾ ਖਿਲਾਫ ਨਿਤਰੇ ਅਸ਼ਵਨੀ ਸੇਖੜੀ, ਲਗਾਇਆ ਧਰਨਾ (ਵੀਡੀਓ)
Saturday, Jan 18, 2020 - 05:25 PM (IST)
ਬਟਾਲਾ: ਪੰਜਾਬ ਸਰਕਾਰ ਅੰਦਰ ਬਗਾਵਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹੀ ਜ਼ਿਲੇ ਤੋਂ ਬਗਾਵਤੀ ਸੁਰ ਉੱਠ ਰਹੇ ਸਨ, ਜਿਸ ਤੋਂ ਬਾਅਦ ਹੁਣ ਬਟਾਲਾ ਤੋਂ ਕਾਂਗਰਸੀ ਲੀਡਰ ਅਸ਼ਵਨੀ ਸੇਖੜੀ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਦੇ ਚੱਲਦੇ ਉਨ੍ਹਾਂ ਨੇ ਬਟਾਲਾ ਦੇ ਵਿਕਾਸ ਕਾਰਜਾਂ 'ਚ ਮੰਤਰੀ ਦੇ ਦਖਲ ਦੇਣ ਕਾਰਨ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣੀ ਸਰਕਾਰ ਦੇ ਖਿਲਾਫ ਬੋਲਦਿਆਂ ਕਿਹਾ ਕਿ ਇਹ ਇਕ ਤਾਲਿਬਾਨੀ ਸੋਚ (ਧੱਕਾ ਸੋਚ) ਜੋ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਖਿਲਾਫ ਕੰਮ ਕਰ ਰਹੀ ਹੈ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਬੇਇਰਿੰਗ ਕਾਲਜ ਦੀ ਜ਼ਮੀਨ ਦੇ ਨਾਲ ਉਹ ਧੱਕਾ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੇ ਨਾਜਾਇਜ਼ ਕਬਜ਼ੇ ਛੁਡਵਾਉਣੇ ਹਨ ਤਾਂ ਪਹਿਲਾਂ ਅਫਸਰਾਂ, ਲੀਡਰਾਂ ਦੇ ਛੁਡਵਾਉ। ਇਹ ਕਾਲਜ 100 ਸਾਲ ਤੋਂ ਪੁਰਾਣਾ ਕਾਲਜ ਹੈ ਅਤੇ ਉਹ ਵੀ ਇੱਥੇ ਹੀ ਪੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਜਿਹੜੇ ਅਫਸਰ ਇਸ ਦੀ ਜ਼ਮੀਨ ਨਾਲ ਧੱਕਾ ਕਰਨ ਆਏ ਹਨ, ਉਹ ਕਿਸੇ ਦੀ ਸ਼ਹਿ 'ਤੇ ਆਏ ਹਨ, ਕਿਉਂਕਿ ਇਸ ਦੇ ਪਿੱਛੇ ਕਿਸੇ ਨਾ ਕਿਸੇ ਦੀ ਤਾਲੀਬਾਨੀ ਸੋਚ ਹੈ।