ਬਟਾਲਾ ਬਲਾਸਟ ਪ੍ਰਸ਼ਾਸਨ ਦੀ ਨਾਲਾਇਕੀ ਦਾ ਨਤੀਜਾ : ਖਹਿਰਾ

Friday, Sep 06, 2019 - 08:36 PM (IST)

ਬਟਾਲਾ ਬਲਾਸਟ ਪ੍ਰਸ਼ਾਸਨ ਦੀ ਨਾਲਾਇਕੀ ਦਾ ਨਤੀਜਾ : ਖਹਿਰਾ

ਬਟਾਲਾ(ਬੇਰੀ, ਮਠਾਰੂ, ਗੋਰਾਇਆ)-ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਬਟਾਲਾ ਵਿਖੇ ਪਟਾਕਾ ਫੈਕਟਰੀ ਬਲਾਸਟ ਸਥਾਨ ਦਾ ਦੌਰਾ ਕੀਤਾ, ਜਿਥੇ ਕਿ 23 ਜਾਨਾਂ ਜਾਣ ਦੇ ਨਾਲ-ਨਾਲ ਸ਼ਹਿਰ 'ਚ ਵੱਡੇ ਪੱਧਰ ਉੱਪਰ ਜਾਇਦਾਦਾਂ ਦੀ ਤਬਾਹੀ ਹੋਈ। ਇਸ ਦੌਰਾਨ ਖਹਿਰਾ ਨੇ ਕਿਹਾ ਕਿ ਗੈਰ-ਕਾਨੂੰਨੀ ਬਟਾਲਾ ਪਟਾਕਾ ਫੈਕਟਰੀ 'ਚ 23 ਮਨੁੱਖੀ ਜਾਨਾਂ ਦਾ ਨੁਕਸਾਨ ਪੂਰੀ ਤਰ੍ਹਾਂ ਨਾਲ ਪ੍ਰਸ਼ਾਸਨ ਦੀ ਅਸਫਲਤਾ ਦਾ ਨਤੀਜਾ ਹੈ, ਜਿਸ ਲਈ ਲੋਕਲ ਪੁਲਸ ਅਤੇ ਸਿਵਲ ਅਧਿਕਾਰੀ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹਨ।

ਉਨ੍ਹਾਂ ਕਿਹਾ ਕਿ ਹਾਲ ਹੀ 'ਚ ਸੂਬੇ ਵਿਚ ਮੁੜ ਹੋਏ ਅਜਿਹੇ ਦਰਦਨਾਕ ਹਾਦਸਿਆਂ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ ਹੈ। ਜਦਕਿ ਇਕ ਕੁਸ਼ਲ ਸਰਕਾਰ ਨੂੰ ਅਜਿਹੇ ਇਕ ਹਾਦਸੇ ਤੋਂ ਹੀ ਢੁੱਕਵੇਂ ਲੋੜੀਂਦੇ ਕਦਮ ਚੁੱਕਣ ਦਾ ਸਬਕ ਸਿੱਖਣਾ ਚਾਹੀਦਾ ਸੀ ਪ੍ਰੰਤੂ ਸੂਬੇ 'ਚ ਰਾਜ ਕਰਨ ਵਾਲੇ ਲੋਕਾਂ ਦੇ ਏਜੰਡੇ ਵਿਚ ਪਬਲਿਕ ਦੇ ਗੰਭੀਰ ਮਸਲੇ ਬਿਲਕੁਲ ਵੀ ਨਹੀਂ ਹਨ, ਜਿਸ ਕਰ ਕੇ ਨਿਰਦੋਸ਼ ਲੋਕ ਮੁੜ-ਮੁੜ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

ਉਨ੍ਹਾਂ ਮੰਗ ਕੀਤੀ ਕਿ ਹਰੇਕ ਪੀੜਤ ਦੇ ਵਾਰਿਸਾਂ ਨੂੰ 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਮ੍ਰਿਤਕਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪ੍ਰਗਟ ਸਿੰਘ ਚੌਗਾਵਾਂ, ਅਨਿਲ ਅਗਰਵਾਲ ਪ੍ਰਧਾਨ, ਅਤਰ ਸਿੰਘ, ਰਜਵੰਤ ਸਿੰਘ, ਕਰਨਦੀਪ ਸਿੰਘ, ਸੁਖਜੀਤ ਸਿੰਘ ਅਤੇ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।


author

Karan Kumar

Content Editor

Related News