ਸੁਖਬੀਰ ਬਾਦਲ ਨੂੰ ਬਾਜਵਾ ਦੀਆਂ ਖਰੀਆਂ-ਖਰੀਆਂ
Wednesday, Dec 25, 2019 - 04:33 PM (IST)
ਬਟਾਲਾ (ਗੁਰਪ੍ਰੀਤ) : ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅੱਜ ਬਟਾਲਾ 'ਚ ਕ੍ਰਿਸਮਸ-ਡੇਅ 'ਤੇ ਚਰਚ 'ਚ ਮਸੀਹ ਭਾਈਚਾਰੇ ਨੂੰ ਵਧਾਈ ਦੇਣ ਪਹੁੰਚੇ। ਇਸ ਉਪਰੰਤ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਨੇ ਅਕਾਲੀ ਦਲ ਵਲੋਂ ਕੀਤੀਆਂ ਜਾ ਰਹੀਆਂ ਸਰਕਾਰ ਵਿਰੋਧੀ ਰੈਲੀਆਂ 'ਤੇ ਬੋਲਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕੰਮ ਹੀ ਦੋਸ਼ ਲਗਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਸਮੇਂ ਲੋਕ ਖੁਦ ਹੀ ਦੱਸ ਦੇਣਗੇ ਕਿ ਕਿਸ ਨੇ ਕਿੰਨਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਖਬੀਰ ਵਲੋਂ ਲਗਾਏ ਗਏ ਦੋਸ਼ ਕਿ ਸ਼ਰਾਬ ਮਾਫੀਆ ਚੱਢਾ ਨੂੰ ਕੈਪਟਨ ਨੇ ਹੀ ਸ਼ਰਾਬ ਮਾਫੀਆ ਬਣਾਇਆ ਹੈ 'ਤੇ ਬੋਲਦਿਆਂ ਕਿਹਾ ਕਿ ਸੁਖਬੀਰ ਖੁਦ ਪਿੱਛਲੇ ਸਮੇਂ ਨੂੰ ਯਾਦ ਕਰਨ ਕਿ ਚੱਢਾ ਨੂੰ ਲੈ ਕੇ ਕੌਣ ਆਇਆ ਸੀ। ਬਾਜਵਾ ਨੇ ਬਿਕਰਮ ਮਜੀਠੀਆ ਵਲੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਲਗਾਏ ਦੋਸ਼ 'ਤੇ ਬੋਲਦਿਆਂ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਰੰਧਾਵਾ ਬਹੁਤ ਵਧੀਆ ਮੰਤਰੀ ਹਨ ਅਤੇ ਹਮੇਸ਼ਾ ਸੱਚ ਬੋਲਦੇ ਹਨ। ਇਸ ਕਾਰਨ ਮਜੀਠੀਆ ਇਸ ਨੂੰ ਆਪਣੀ ਨਿੱਜੀ ਲੜਾਈ ਬਣਾ ਰਹੇ ਹਨ।
ਇਸ ਮੌਕੇ ਬਾਜਵਾ ਨੇ ਸਾਂਸਦ ਭਗਵੰਤ ਮਾਨ ਵਲੋਂ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ ਬਾਰੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਇੰਨਾ ਜ਼ਰੂਰ ਕਹਿਣਾ ਚਾਹੁੰਦੇ ਹਨ ਕਿ ਕਿਸੇ ਨੇਤਾਵਾਂ ਨੂੰ ਹਰ ਕਿਸੇ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ। ਇਥੇ ਦੱਸ ਦੇਈਏ ਕਿ ਤ੍ਰਿਪਤ ਬਾਜਵਾ ਅੱਜ ਬਟਾਲਾ 'ਚ ਕ੍ਰਿਸਮਸ-ਡੇਅ ਚਰਚ 'ਚ ਮਸੀਹ ਭਾਈਚਾਰੇ ਨੂੰ ਵਧਾਈ ਦੇਣ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹੁੰਚੇ ਹੋਏ ਸਨ। ਇਸ ਮੌਕੇ ਮੰਤਰੀ ਬਾਜਵਾ ਨੇ ਕ੍ਰਿਸਮਸ ਕੇਕ ਕੱਟ ਕੇ ਸਮੂਹ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ।