ਸੁਖਬੀਰ ਤੇ ਮਜੀਠੀਆ ਨੇ ਜਗਜੀਤ ਸਿੰਘ ਘੁਮਾਣ ਦੇ ਪਰਿਵਾਰਕ ਮੈਂਬਰਾਂ ਨਾਲ ਕੀਤਾ ਦੁੱਖ ਸਾਂਝਾ
Saturday, Dec 07, 2019 - 06:19 PM (IST)
ਬਟਾਲਾ/ਘੁਮਾਣ (ਬੇਰੀ, ਸਰਬਜੀਤ) : ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਬਿਆਸ ਦਰਿਆ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਚੁੱਕੇ ਆੜ੍ਹਤੀ ਜਗਜੀਤ ਸਿੰਘ ਘੁਮਾਣ ਦੇ ਪਰਿਵਾਰਕ ਮੈਂਬਰਾਂ ਭਰਾ ਸੁਖਜਿੰਦਰ ਸਿੰਘ ਲਾਲੀ, ਭਤੀਜੇ ਅਵਨੀਤ ਸਿੰਘ ਅਤੇ ਸਪੁੱਤਰ ਲਵਨੀਤ ਸਿੰਘ ਨਾਲ ਕਸਬਾ ਘੁਮਾਣ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਪਰਿਵਾਰ ਨਾਲ ਹਰਦਰਦੀ ਪ੍ਰਗਟਾਉਂਦਿਆਂ ਅਤੇ ਹੌਸਲਾ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮ੍ਰਿਤਕ ਜਗਜੀਤ ਸਿੰਘ ਘੁਮਾਣ ਦੀ ਮੌਤ ਦਾ ਉਨ੍ਹਾਂ ਨੂੰ ਬੇਹੱਦ ਦੁੱਖ ਹੈ ਅਤੇ ਇਸ ਦੁੱਖ ਦੀ ਘੜੀ ਵਿਚ ਅਕਾਲੀ ਦਲ ਬਾਦਲ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹਾ ਹੈ।
ਇਸ ਮੌਕੇ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਵੇਲੇ ਪੁਲਸ ਪ੍ਰਸ਼ਾਸਨ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣਿਆ ਪਿਆ ਹੈ ਅਤੇ ਪੰਜਾਬ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ, ਜਿਸਦੇ ਕਾਰਣ ਇਸ ਮੌਜੂਦਾ ਕਾਂਗਰਸ ਸਰਕਾਰ ਦੇ ਸ਼ਾਸਨਕਾਲ ਵਿਚ ਭ੍ਰਿਸ਼ਟਾਚਾਰ ਪੂਰੇ ਜ਼ੋਬਨ 'ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਪਹਿਲਾਂ ਕਿਸਾਨਾਂ ਦੀ ਲੁੱਟ ਮੰਡੀਆਂ ਵਿਚ ਸੀ, ਹੁਣ ਉਥੇ ਆੜ੍ਹਤੀਆਂ ਦੀ ਵੀ ਲੁੱਟ ਹੋਣ ਲੱਗ ਪਈ ਹੈ ਅਤੇ ਕਿਸਾਨਾਂ ਤੋਂ ਬਾਅਦ ਹੁਣ ਆੜ੍ਹਤੀਏ ਖੁਦਕੁਸ਼ੀਆਂ ਦੇ ਰਾਹ 'ਤੇ ਪੈ ਗਏ ਹਨ। ਸੁਖਬੀਰ ਬਾਦਲ ਨੇ ਅੰਤ ਵਿਚ ਮ੍ਰਿਤਕ ਆੜ੍ਹਤੀ ਜਗਜੀਤ ਸਿੰਘ ਘੁਮਾਣ ਦੇ ਪਰਿਵਾਰ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਮ੍ਰਿਤਕ ਆੜ੍ਹਤੀ ਜਗਜੀਤ ਸਿੰਘ ਆਤਮ ਹੱਤਿਆ ਕਾਂਡ ਵਿਚ ਸ਼ਾਮਲ ਸਬੰਧਤ ਅਧਿਕਾਰੀਆਂ ਦੀ ਗ੍ਰਿਫਤਾਰੀ ਕਰਵਾ ਕੇ ਪਰਿਵਾਰ ਨੂੰ ਬਣਦਾ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਸਰਦੂਲ ਸਿੰਘ ਚੀਮਾ, ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾਂ, ਪ੍ਰਧਾਨ ਤਰਸੇਮ ਸਿੰਘ, ਸੁਖਦੇਵ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਮੌਜੂਦ ਸਨ।