ਕਰਤਾਰਪੁਰ ਸਾਹਿਬ ਲਾਂਘੇ ''ਤੇ ਆਉਣ ਵਾਲੇ ਅੰਗਹੀਣ ਤੇ ਬਜ਼ੁਰਗਾਂ ਲਈ ਕੀਤੇ ਖਾਸ ਪ੍ਰਬੰਧ

Friday, Nov 08, 2019 - 06:10 PM (IST)

ਕਰਤਾਰਪੁਰ ਸਾਹਿਬ ਲਾਂਘੇ ''ਤੇ ਆਉਣ ਵਾਲੇ ਅੰਗਹੀਣ ਤੇ ਬਜ਼ੁਰਗਾਂ ਲਈ ਕੀਤੇ ਖਾਸ ਪ੍ਰਬੰਧ

ਬਟਾਲਾ (ਮਠਾਰੂ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਅਤੇ ਖੁੱਲ੍ਹ ਦਿਲੀ ਕਾਰਣ ਪੂਰੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ. ਪੀ. ਸਿੰਘ ਓਬਰਾਏ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਵਿਖੇ ਖੋਲ੍ਹੇ ਜਾ ਰਹੇ ਲਾਂਘੇ 'ਤੇ ਆਉਣ ਵਾਲੇ ਅੰਗਹੀਣ ਅਤੇ ਬਜ਼ੁਰਗ ਯਾਤਰੀਆਂ ਦੀ ਸਹੂਲਤ ਲਈ 12 ਵੀਲ ਚੇਅਰਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੂਆਂ ਦੇ ਵਾਹਨ ਖੜ੍ਹੇ ਕਰਨ ਲਈ ਡੇਰਾ ਬਾਬਾ ਨਾਨਕ ਵਿਖੇ ਸਰਕਾਰ ਵੱਲੋਂ ਵਾਹਨਾਂ ਅਨੁਸਾਰ ਵੱਖ-ਵੱਖ ਬਣਾਈਆਂ ਜਾ ਰਹੀਆਂ 6 ਪਾਰਕਿੰਗਾਂ ਅੰਦਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਹਰੇਕ ਪਾਰਕਿੰਗ 'ਚ ਅੰਗਹੀਣ ਤੇ ਬਜ਼ੁਰਗ ਯਾਤਰੀਆਂ ਦੀ ਸਹੂਲਤ ਲਈ 2-2 ਵੀਲ ਚੇਅਰਾਂ ਰੱਖੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਵੀ ਦੂਰ-ਦੁਰਾਡੇ ਤੋਂ ਆਉਣ ਵਾਲੇ ਅੰਗਹੀਣ ਤੇ ਬਜ਼ੁਰਗ ਸ਼ਰਧਾਲੂਆਂ ਦੀ ਸਹੂਲਤ ਲਈ ਸੁਲਤਾਨਪੁਰ ਲੋਧੀ ਅਤੇ ਜਲੰਧਰ ਦੇ ਰੇਲਵੇ ਸਟੇਸ਼ਨਾਂ 'ਤੇ 5-5 ਵੀਲ ਚੇਅਰਾਂ, ਜਦਕਿ ਅਚਾਨਕ ਲੋੜ ਪੈਣ 'ਤੇ ਵਰਤੋਂ 'ਚ ਲਿਆਉਣ ਲਈ 1-1 ਟਾਇਰਾਂ ਵਾਲੇ ਸਟਰੈਚਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਜਨਰਲ ਸਕੱਤਰ ਸੁਖਦੀਪ ਸਿੱਧੂ, ਸਹਾਇਕ ਸਕੱਤਰ ਨਵਜੀਤ ਸਿੰਘ ਘਈ, ਸ਼ਿਸ਼ਪਾਲ ਸਿੰਘ ਲਾਡੀ ਆਦਿ ਮੈਂਬਰ ਵੀ ਮੌਜੂਦ ਸਨ।


author

Baljeet Kaur

Content Editor

Related News