432 ਸਾਲਾ ਬਾਅਦ ਪਹਿਲੀ ਵਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾਇਆ ''ਨੀਂਹ ਪੱਥਰ ਦਿਵਸ''
Wednesday, Jan 15, 2020 - 11:23 AM (IST)
![432 ਸਾਲਾ ਬਾਅਦ ਪਹਿਲੀ ਵਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾਇਆ ''ਨੀਂਹ ਪੱਥਰ ਦਿਵਸ''](https://static.jagbani.com/multimedia/2020_1image_11_23_382299320a4.jpg)
ਬਟਾਲਾ (ਮਠਾਰੂ) : 432 ਸਾਲ ਪਹਿਲਾਂ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸੰਨ 1588 'ਚ ਮਹਾਨ ਸੂਫ਼ੀ ਸੰਤ ਸਾਈਂ ਮੀਆਂ ਮੀਰ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨੀਂਹ ਪੱਥਰ ਰਖਵਾਉਂਦਿਆਂ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਗਿਆ ਸੀ। ਇਸ ਸਬੰਧੀ ਸੂਫੀ ਸੰਤ ਸਾਈਂ ਮੀਆਂ ਮੀਰ ਜੀ ਦੇ ਮੌਜੂਦਾ ਗੱਦੀ ਨਸ਼ੀਨ ਮਖਦੂਮ ਸਈਅਦ ਅਲੀ ਰਜਾ ਗਿਲਾਨੀ ਕਾਦਰੀ ਦੇ ਉਪਰਾਲਿਆਂ ਸਦਕਾ ਭਾਈ ਰੁਪਿੰਦਰ ਸਿੰਘ ਸ਼ਾਮਪੁਰਾ ਜਨਰਲ ਸਕੱਤਰ ਸਾਈਂ ਮੀਆਂ ਮੀਰ ਫਾਊਂਡੇਸ਼ਨ, ਚਰਨਜੀਵ ਸਿੰਘ ਸੰਧੂ ਯੂ. ਐੱਸ. ਏ., ਅਮਰਜੀਤ ਸਿੰਘ ਸੰਘਾ ਕੈਨੇਡਾ, ਬਲਦੇਵ ਸਿੰਘ ਮਲੇਸ਼ੀਆ, ਅਮਰਜੀਤ ਸਿੰਘ ਸੰਧੂ, ਦੀਪਇੰਦਰਦੀਪ ਸਿੰਘ ਕੈਨੇਡਾ, ਸੁਖਰਾਜ ਸਿੰਘ ਬਰਾੜ ਅਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਗੁ. ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਪਹਿਲੀ ਵਾਰ ਨੀਂਹ ਪੱਥਰ ਦਿਵਸ ਨੂੰ ਸਮਰਪਤ ਧਾਰਮਕ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ 'ਚ ਭਾਰਤ ਤੋਂ ਸ਼ਰਧਾਲੂਆਂ ਦਾ ਜਥਾ ਡੇਰਾ ਬਾਬਾ ਨਾਨਕ ਦੇ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਿਆ। ਇੱਥੇ ਸਾਈਂ ਅਲੀ ਰਜਾ ਕਾਦਰੀ, ਪਾਕਿ. ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਮੈਂਬਰ ਇੰਦਰਜੀਤ ਸਿੰਘ ਅਤੇ ਬੋਰਡ ਦੇ ਪ੍ਰਬੰਧਕੀ ਅਧਿਕਾਰੀਆਂ ਅਤੇ ਹੋਰ ਸੰਗਤਾਂ ਵਲੋਂ ਜਥੇ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਅਤੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਭਾਈ ਅਮਰਜੀਤ ਸਿੰਘ ਅਨਮੋਲ ਅਤੇ ਭਾਈ ਲਾਲ ਜੀ ਪਾਕਿਸਤਾਨ ਦੇ ਰਾਗੀ ਜਥਿਆਂ ਵੱਲੋਂ ਸੰਗਤ ਨੂੰ ਗੁਰਬਾਣੀ ਦੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।
ਇਸ ਦੌਰਾਨ ਸਾਈਂ ਮੀਆਂ ਮੀਰ ਜੀ ਦੀ ਗੱਦੀ ਦੇ ਵਾਰਿਸ ਸਾਈਂ ਅਲੀ ਰਜਾ ਗਿਲਾਨੀ ਕਾਦਰੀ ਨੂੰ ਸਨਮਾਨਤ ਕਰਨ ਲਈ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਪ੍ਰਸ਼ਾਸਕੀ ਅਧਿਕਾਰੀ ਡੀ. ਪੀ. ਸਿੰਘ ਚਾਵਲਾ, ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਦੁਬਈ ਵਾਲੇ, ਤਖਤ ਸ੍ਰੀ ਪਟਨਾ ਸਾਹਿਬ ਤੋਂ ਪ੍ਰਸ਼ਾਸਕੀ ਅਧਿਕਾਰੀ ਭੁਪਿੰਦਰ ਸਿੰਘ ਸਾਧੂ ਅਤੇ ਜਥੇਦਾਰ ਸਿੰਘ ਸਾਹਿਬ ਗਿ. ਇਕਬਾਲ ਸਿੰਘ, ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਚਰਨਜੀਤ ਸਿੰਘ ਅਰੋੜਾ, ਚੜ੍ਹਦੇ ਪੰਜਾਬ ਤੋਂ ਬੀਬੀ ਹਰਜੁਗਜੀਤ ਕੌਰ ਅਤੇ ਭਾਈ ਰੁਪਿੰਦਰ ਸਿੰਘ ਸ਼ਾਮਪੁਰਾ ਸਮੇਤ ਹੋਰ ਵੀ ਵਿਸ਼ੇਸ਼ ਸਨਮਾਨ ਲੈ ਕੇ ਪਹੁੰਚੇ।