ਪਟਾਕਾ ਫੈਕਟਰੀ ਚਲਾਉਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਹੋਵੇ ਸਖਤ ਕਾਰਵਾਈ : ਸੇਖਵਾਂ

Monday, Sep 09, 2019 - 12:10 PM (IST)

ਪਟਾਕਾ ਫੈਕਟਰੀ ਚਲਾਉਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਹੋਵੇ ਸਖਤ ਕਾਰਵਾਈ : ਸੇਖਵਾਂ

ਬਟਾਲਾ (ਮਠਾਰੂ) : ਬਟਾਲਾ ਵਿਖੇ ਗੈਰ-ਕਾਨੂੰਨੀ ਤੌਰ 'ਤੇ ਰਿਹਾਇਸ਼ੀ ਖੇਤਰ 'ਚ ਚੱਲ ਰਹੀ ਇਕ ਪਟਾਕੇ ਬਣਾਉਣ ਵਾਲੀ ਫੈਕਟਰੀ ਵਿਚ ਹੋਏ ਜ਼ਬਰਦਸਤ ਵਿਸਫੋਟਕ ਧਮਾਕੇ ਵਿਚ 23 ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋਣਾ ਪਿਆ ਹੈ, ਜਦਕਿ ਕਈ ਮੈਂਬਰ ਗੰਭੀਰ ਜ਼ਖਮੀ ਹੋ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਨਰਲ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਅਤੇ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਸਿਵਲ ਹਸਪਤਾਲ ਬਟਾਲਾ ਵਿਖੇ ਜ਼ਖਮੀਆਂ ਦਾ ਹਾਲਚਾਲ ਪੁੱਛਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਪ੍ਰਸ਼ਾਸਨਿਕ ਅਧਿਕਾਰੀ ਸਿੱਧੇ ਤੌਰ 'ਤੇ ਇਸ ਦੁੱਖਦਾਈ ਅਤੇ ਵੱਡੀ ਘਟਨਾ ਦੇ ਲਈ ਜ਼ਿੰਮੇਵਾਰ ਹਨ, ਜਦ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮਿਲੀਭੁਗਤ ਕਰਦਿਆਂ ਪਟਾਕੇ ਬਣਾਉਣ ਵਾਲੀ ਫੈਕਟਰੀ ਨੂੰ ਗੈਰ-ਕਾਨੂੰਨੀ ਢੰਗ ਦੇ ਨਾਲ ਰਿਹਾਇਸ਼ੀ ਖੇਤਰ ਦੇ ਵਿਚ ਸਥਾਪਿਤ ਕੀਤਾ ਗਿਆ ਹੈ।

ਜੱਥੇਦਾਰ ਸੇਖਵਾਂ ਨੇ ਕਿਹਾ ਕਿ ਇਸ ਧਮਾਕੇ 'ਚ ਸਮੁੱਚੇ ਹੀ ਇਲਾਕੇ ਦੀਆਂ ਇਮਾਰਤਾਂ ਅਤੇ ਘਰਾਂ ਦਾ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ, ਇਸ ਲਈ ਸਰਕਾਰ ਨੂੰ ਬਿਨਾਂ ਦੇਰੀ ਅਣਗਹਿਲੀ ਵਰਤਣ ਵਾਲੇ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਉਥੇ ਨਾਲ ਹੀ ਪੀੜਤਾਂ ਨੂੰ ਯੋਗ ਮੁਆਵਜ਼ਾ ਵੀ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਘਟਨਾ ਦੇ ਉਪਰ ਅਫਸੋਸ ਜ਼ਾਹਰ ਕਰਦਿਆਂ ਜਿੱਥੇ ਵਿਛੜੀਆਂ ਰੂਹਾਂ ਦੇ ਲਈ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ, ਉਥੇ ਨਾਲ ਹੀ ਜ਼ਖਮੀ ਹੋਏ ਮੈਂਬਰਾਂ ਦੀ ਛੇਤੀ ਸਿਹਤਯਾਬੀ ਲਈ ਵੀ ਕਾਮਨਾ ਕੀਤੀ ਗਈ।


author

Baljeet Kaur

Content Editor

Related News