ਬਰਨਾਲਾ : ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ
Wednesday, Feb 13, 2019 - 03:06 PM (IST)

ਬਰਨਾਲਾ(ਪੁਨੀਤ,ਮੱਘਰ ਪੁਰੀ)— ਪੰਜਾਬ ਵਿਚ ਅਜੇ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ। ਆਏ ਦਿਨ ਅਜਿਹੀ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ। ਤਾਜ਼ਾ ਮਾਮਲਾ ਬਰਨਾਲਾ ਦੇ ਪਿੰਡ ਚੀਮਾ ਦਾ ਹੈ, ਜਿੱਥੋਂ ਦੇ ਕਿਸਾਨ ਜੋਗਿੰਦਰ ਸਿੰਘ ਵੱਲੋਂ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਉਮਰ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਜੋਗਿੰਦਰ ਸਿੰਘ ਦੇ ਸਿਰ 6 ਲੱਖ ਰੁਪਏ ਕਰਜ਼ਾ ਸੀ ਅਤੇ ਉਸ ਨੇ ਕਰਜ਼ਾ ਉਤਾਰਨ ਲਈ 2 ਏਕੜ ਜ਼ਮੀਨ ਵਿਚੋਂ 1 ਏਕੜ ਜ਼ਮੀਨ ਵੀ ਵੇਚ ਦਿੱਤੀ ਸੀ ਪਰ ਫਿਰ ਵੀ ਕਰਜ਼ਾ ਨਾ ਉਤਾਰ ਸਕਿਆ ਜਿਸ ਕਾਰਨ ਉਹ ਅਕਸਰ ਦੁਖੀ ਰਹਿੰਦਾ ਸੀ ਅਤੇ ਅੱਜ ਉਸ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਜੋਗਿੰਦਰ ਸਿੰਘ ਖੇਤੀ ਕਰਨ ਦੇ ਨਾਲ-ਨਾਲ ਇਕ ਫੈਕਟਰੀ ਵਿਚ ਕੰਮ ਵੀ ਕਰਦਾ ਸੀ।
ਪਿੰਡ ਚੀਮਾ ਦੇ ਕਿਸਾਨ ਆਗੂ ਦਰਸ਼ਨ ਸਿੰਘ ਮੁਤਾਬਕ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਵਾਅਦੇ ਤੋਂ ਬਾਅਦ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਵਿਚੋਂ ਇਕ ਨੂੰ ਨੌਕਰੀ ਦਿੱਤੀ ਜਾਵੇ ਅਤੇ ਉਨ੍ਹਾਂ ਦਾ ਪੂਰਨ ਤੌਰ 'ਤੇ ਕਰਜ਼ਾ ਮੁਆਫ਼ ਕੀਤਾ ਜਾਵੇ।