ਬਰਨਾਲਾ 'ਚ ਮਿਲਿਆ ਕੋਰੋਨਾਵਾਇਰਸ ਦਾ ਸ਼ੱਕੀ ਮਰੀਜ਼, ਲੋਕਾਂ 'ਚ ਦਹਿਸ਼ਤ
Friday, Feb 07, 2020 - 04:29 PM (IST)
ਬਰਨਾਲਾ(ਪੁਨੀਤ ਮਾਨ,ਵਿਵੇਕ ਸਿੰਧਵਾਨੀ, ਰਵੀ) : ਚੀਨ 'ਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਕਾਰਨ ਪੰਜਾਬ ਵੀ ਹਾਈ ਅਲਰਟ 'ਤੇ ਹੈ ਅਤੇ ਇਸੇ ਅਲਰਟ ਦੇ ਚੱਲਦਿਆਂ ਬਰਨਾਲਾ ਵਿਚ ਵੀ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਮਿਲਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਬਰਨਾਲਾ ਜੁਗਲ ਕਿਸ਼ੋਰ ਨੇ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਨੂੰ ਡਾਕਟਰਾਂ ਦੀ ਕੜੀ ਜਾਂਚ ਵਿਚ ਰੱਖਿਆ ਗਿਆ ਹੈ। ਇਸ ਸਬੰਧੀ ਸਾਡੇ ਵਲੋਂ ਪੰਜਾਬ ਸਰਕਾਰ ਦੇ ਸਿਹਤ ਅਧਿਕਾਰੀਆਂ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸਾਨੂੰ ਅੱਜ ਦਾ ਦਿਨ ਮਰੀਜ਼ ਦੀ ਹਾਲਤ ਦੇਖਣ ਨੂੰ ਕਿਹਾ ਹੈ। ਅਗਲੇ 24 ਘੰਟਿਆਂ ਦੌਰਾਨ ਮਰੀਜ ਦੀ ਹਾਲਤ ਦੇਖਕੇ ਅਗਲਾ ਕਦਮ ਚੁੱਕਿਆ ਜਾਵੇਗਾ। ਬਰਨਾਲਾ ਜ਼ਿਲੇ ਦੇ ਕੁੱਲ 94 ਵਿਅਕਤੀ ਚੀਨ ਵਿਚ ਗਏ ਸਨ। ਜਿਸ ਦੀ ਲਿਸਟ ਭਾਰਤ ਸਰਕਾਰ ਵਲੋਂ ਬਰਨਾਲਾ ਪ੍ਰਸ਼ਾਸ਼ਨ ਨੂੰ ਭੇਜੀ ਗਈ ਸੀ। ਉਕਤ ਸਾਰੇ ਵਿਅਕਤੀਆਂ ਦੀ ਜਾਂਚ ਕਰ ਲਈ ਗਈ ਹੈ। ਕੇਵਲ 7 ਵਿਅਕਤੀਆਂ ਦੀ ਜਾਂਚ ਹੋਣੀ ਬਾਕੀ ਹੈ ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ। ਉਕਤ ਮਹਿਲਾ ਵੀ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਿਕਾ ਹੈ। ਉਹ ਸਕੂਲ ਦਾ ਟੂਰ ਲੈ ਕੇ ਚੀਨ ਵਿਚ ਗਈ ਸੀ। ਬਾਕੀ ਸਭ ਦੇ ਟੈਸਟ ਕੀਤੇ ਜਾ ਚੁੱਕੇ ਹਨ। ਕੇਵਲ ਉਕਤ ਮਹਿਲਾ ਅਧਿਆਪਿਕਾ ਦਾ ਮਾਮਲਾ ਸ਼ੱਕੀ ਹੈ। ਉਸ ਨੂੰ ਖੰਘ ਅਤੇ ਜੁਕਾਮ ਹੈ।
ਭੀੜਭਾੜ ਵਾਲੀ ਥਾਂ ਤੇ ਜਾਣ ਸਮੇਂ ਢਕਕੇ ਰੱਖਣਾ ਚਾਹੀਦਾ ਹੈ ਮੂੰਹ
ਡਾ. ਮਨਪ੍ਰੀਤ ਸਿੰਘ ਨੇ ਕਿਹਾ ਕਿ ਕਰੋਨਾ ਇਕ ਵਾਇਰਸ ਹੈ, ਜੋ ਚੀਨ ਵਿਚ ਫੈਲਿਆ ਹੋਇਆ ਹੈ। ਅਜੇ ਤੱਕ ਇਸ ਬੀਮਾਰੀ ਦੀ ਕੋਈ ਵੀ ਦਵਾਈ ਨਹੀਂ ਹੈ। ਕਰੋਨਾਵਾਇਰਸ ਤੋਂ ਬਚਾਅ ਲਈ ਸਾਨੂੰ ਭੀੜਭਾੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਬਚਾਅ ਕਰਨਾ ਚਾਹੀਦਾ ਹੈ। ਮੂੰਹ ਢਕਕੇ ਰੱਖਣਾ ਚਾਹੀਦਾ ਹੈ। ਕਿਸੇ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ। ਜੇਕਰ ਕਿਸੇ ਨੂੰ ਖੰਘ ਅਤੇ ਜੁਕਾਮ ਦੀ ਸ਼ਿਕਾਇਤ ਹੋਵੇ ਤਾਂ ਫੌਰੀ ਤੌਰ 'ਤੇ ਆਪਣਾ ਚੈਕਅਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਮਹਿਲਾ ਮਰੀਜ ਹਸਪਤਾਲ ਵਿਚ ਭਰਤੀ ਹੈ। ਉਸ ਨੂੰ ਚੀਨ ਤੋਂ ਆਇਆਂ 14 ਦਿਨ ਤੋਂ ਵੱਧ ਹੋ ਗਏ ਹਨ। 14 ਦਿਨ ਦਾ ਸਮਾਂ ਨਾਜੁਕ ਹੁੰਦਾ ਹੈ। 14 ਦਿਨ ਬੀਤ ਜਾਣ ਤੋਂ ਬਾਅਦ ਖਤਰੇ ਵਾਲੀ ਗੱਲ ਘੱਟ ਜਾਂਦੀ ਹੈ। ਮਹਿਲਾ ਦੀ ਹਾਲਤ ਸਥਿਤ ਹੈ। ਫਿਰ ਵੀ ਅਸੀਂ ਉਸ ਦੀ ਹਾਲਤ 'ਤੇ ਨਜ਼ਰ ਰੱਖੀ ਹੋਈ ਹੈ।