ਨਹੀਂ ਰੁਕ ਰਹੀ ਜ਼ਿਲ੍ਹਾ ਬਰਨਾਲਾ ’ਚ ਕੋਰੋਨਾ ਦੀ ਰਫ਼ਤਾਰ, 28 ਕੇਸ ਆਏ ਸਾਹਮਣੇ
Monday, Aug 10, 2020 - 07:57 PM (IST)
ਬਰਨਾਲਾ, (ਵਿਵੇਕ ਸਿੰਧਵਾਨੀ)– ਕੋਰੋਨਾ ਵਾਇਰਸ ਦੀ ਰਫਤਾਰ ਜ਼ਿਲਾ ਬਰਨਾਲਾ ’ਚ ਰੁਕਣ ਦਾ ਨਾਂ ਨਹੀਂ ਲੈ ਰਹੀ। ਅੱਜ ਫਿਰ ਤੋਂ 28 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਅੱਜ ਸ਼ਹਿਰ ਬਰਨਾਲਾ ’ਚੋਂ 18, ਧਨੌਲਾ ਬਲਾਕ ’ਚੋਂ 2, ਬਲਾਕ ਤਪਾ ’ਚੋਂ 5, ਬਲਾਕ ਮਹਿਲ ਕਲਾਂ ’ਚੋਂ 3 ਮਰੀਜ਼ ਸਾਹਮਣੇ ਆਏ ਹਨ। ਜਦੋਂਕਿ 5 ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ ਹੈ। ਹੁਣ ਤੱਕ ਜ਼ਿਲੇ ’ਚ ਕੁੱਲ 468 ਕੇਸ ਸਾਹਮਣੇ ਆਏ ਹਨ। ਜਿਨ੍ਹਾਂ ’ਚੋਂ 128 ਰਿਕਵਰ ਹੋ ਚੁੱਕੇ ਹਨ। ਜਦੋਂਕਿ 332 ਐਕਟਿਵ ਕੇਸ ਹਨ ਜਦਕਿ 8 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਭਵਾਨੀਗੜ੍ਹ ’ਚ 84 ਸਾਲਾ ਬਜ਼ੁਰਗ ਸਮੇਤ 3 ਕੋਰੋਨਾ ਪਾਜ਼ੇਟਿਵ
ਬਲਾਕ ’ਚ ਕੋਰੋਨਾ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਵੀ ਬਲਾਕ ’ਚ ਕੋਰੋਨਾ ਦੇ 3 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਵੀਨ ਕੁਮਾਰ ਗਰਗ ਸਰਕਾਰੀ ਹਸਪਤਾਲ ਭਵਾਨੀਗੜ੍ਹ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਹਿਰ ਦੇ 84 ਸਾਲਾ ਪਰਮਾਨੰਦ ਸਮੇਤ ਪਿੰਡ ਰਾਮਪੁਰਾ ਦੇ ਸੰਤੋਸ਼ (24) ਤੇ ਪ੍ਰਗਟ ਸਿੰਘ (40) ਵਾਸੀ ਨਕਟਾ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਮਰੀਜ਼ਾਂ ਦੇ ਸੰਪਰਕ ’ਚ ਆਉਣ ਵਾਲੇ ਸ਼ੱਕੀ ਲੋਕਾਂ ਦੀ ਕੰਟਕੈਟ ਟਰੇਸਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਧਿਕਾਰੀ ਨੇ ਦੱਸਿਆ ਕਿ 26 ਅਪ੍ਰੈਲ 2020 ਤੋਂ ਲੈ ਕੇ ਅੱਜ ਤੱਕ ਵਿਭਾਗ ਨੇ ਬਲਾਕ ਭਵਾਨੀਗੜ੍ਹ ’ਚੋਂ 1885 ਲੋਕਾਂ ਦੇ ਕੋਵਿਡ-19 ਸਬੰਧੀ ਜਾਂਚ ਸੈਂਪਲ ਲਈ ਭੇਜੇ ਜਿਨ੍ਹਾਂ ’ਚੋਂ 67 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਡਾ. ਗਰਗ ਨੇ ਦੱਸਿਆ ਕਿ ਪਾਜ਼ੇਟਿਵ ਕੇਸਾਂ ’ਚੋਂ 39 ਮਰੀਜ਼ ਠੀਕ ਹੋਏ ਜਦੋਂਕਿ 28 ਕੇਸ ਹੁਣ ਵੀ ਐਕਟਿਵ ਹਨ।