ਬਰਨਾਲਾ: ਹਰਿਦੁਆਰ ਤੋਂ ਸ੍ਰੀ ਗੰਗਾਨਗਰ ਜਾ ਰਹੀ ਟਰੇਨ ''ਚ ਸੀਟ ਨੂੰ ਲੈ ਕੇ ਹੰਗਾਮਾ

06/26/2019 12:02:05 PM

ਬਰਨਾਲਾ(ਪੁਨੀਤ ਮਾਨ) : ਬਰਨਾਲਾ ਦੇ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਹਰਿਦੁਆਰ ਤੋਂ ਸ੍ਰੀ ਗੰਗਾਨਗਰ ਜਾ ਰਹੀ ਟਰੇਨ 'ਚ ਸੀਟ ਨੂੰ ਲੈ ਕੇ ਹੰਗਾਮਾ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ਦੀਆਂ 2 ਔਰਤਾਂ ਰਾਜਪੁਰਾ ਤੋਂ ਟਰੇਨ 'ਚ ਸਵਾਰ ਹੋਈਆਂ ਸਨ, ਜਿਨ੍ਹਾਂ ਨੇ ਹਰਿਦੁਆਰ ਤੋਂ ਅਬੋਹਰ ਜਾ ਰਹੀਆਂ ਸਵਾਰੀਆਂ ਦੀਆਂ ਸੀਟਾਂ 'ਤੇ ਕਬਜ਼ਾ ਕਰਨਾ ਚਾਹਿਆ ਤਾਂ ਇਨ੍ਹਾਂ ਦੀ ਤਕਰਾਰ ਹੋ ਗਈ ਅਤੇ ਬਰਨਾਲਾ ਪਹੁੰਚਣ 'ਤੇ ਔਰਤਾਂ ਨੇ ਆਪਣੇ ਹੋਰ 20 ਤੋਂ 25 ਸਾਥੀਆਂ ਨੂੰ ਸੱਦ ਕੇ ਸਵਾਰੀਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਕੁੱਟਮਾਰ ਕਰਨ ਵਾਲਿਆਂ ਨੇ ਬੱਚਿਆਂ ਅਤੇ ਔਰਤ ਸਵਾਰੀਆਂ ਨੂੰ ਵੀ ਨਹੀਂ ਬਖਸ਼ਿਆ। ਇਸ ਲੜਾਈ ਕਾਰਨ ਟਰੇਨ 1 ਘੰਟਾ ਬਰਨਾਲਾ ਦੇ ਰੇਲਵੇ ਸਟੇਸ਼ਨ 'ਤੇ ਹੀ ਰੁਕੀ ਰਹੀ।

PunjabKesari

ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਮਲੇ ਦਾ ਸ਼ਿਕਾਰ ਹੋਈਆਂ ਔਰਤਾਂ ਨੇ ਦੱਸਿਆ ਕਿ ਉਹ ਲੋਕ ਅਬੋਹਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਹਰਿਦੁਆਰ ਤੋਂ ਅਬੋਹਰ ਲਈ ਟਰੇਨ ਵਿਚ ਬੁਕਿੰਗ ਕਰਵਾਈ ਸੀ ਅਤੇ ਜਦੋਂ ਟਰੇਨ ਦੇ ਰਾਜਪੁਰਾ ਸਟੇਸ਼ਨ ਪਹੁੰਚਣ 'ਤੇ 2 ਔਰਤਾਂ ਨੇ ਉਨ੍ਹਾਂ ਦੀ ਸੀਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰੋਕਣ 'ਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਟਰੇਨ ਬਰਨਾਲਾ ਸਟੇਸ਼ਨ ਪੁੱਜੀ ਤਾਂ ਉਕਤ ਔਰਤਾਂ ਨੇ 20-25 ਆਪਣੇ ਹੋਰ ਸਾਥੀਆਂ ਨੂੰ ਸੱਦ ਕੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


cherry

Content Editor

Related News