ਬਰਗਾੜੀ ਮੋਰਚਾ ਕਾਂਗਰਸ ਨੇ ਲਵਾਇਆ ਤੇ ਖੁਦ ਹੀ ਚੁਕਵਾ ਦਿੱਤਾ : ਬਾਦਲ
Thursday, Dec 13, 2018 - 11:52 AM (IST)
ਮਲੋਟ (ਜੱਜ, ਸ਼ਾਂਤ, ਜੁਨੇਜਾ) - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਦਾਲਤੀ ਚੱਕਰਾਂ 'ਚ ਫਸੇ ਆਪਣੇ ਜਰਨੈਲ ਅਤੇ ਨਿਧੜਕ ਸਿਪਾਹੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਢਾਣੀ 'ਤੇ ਅਕਾਲੀ ਵਰਕਰਾਂ ਨੂੰ ਪੰਚਾਇਤੀ ਚੋਣਾਂ ਲਈ ਹੱਲਾਸ਼ੇਰੀ ਦੇਣ ਵਾਸਤੇ ਇਕ ਭਰਵੀਂ ਰੈਲੀ ਨੂੰ ਸੰਬੋਧਨ ਕੀਤਾ ।ਉਨ੍ਹਾਂ ਕਿਹਾ ਕਿ ਜਥੇ. ਦਿਆਲ ਸਿੰਘ ਭਗੌੜਾ ਨਹੀਂ ਤੇ ਜਦੋਂ ਜ਼ਰੂਰਤ ਹੋਈ, ਉਹ ਕਾਨੂੰਨ ਸਾਹਮਣੇ ਪੇਸ਼ ਹੋਣਗੇ।ਹਰ ਇਨਸਾਨ ਨੂੰ ਆਪਣੀ ਸੁਰੱਖਿਆ ਲਈ ਕਾਨੂੰਨੀ ਮਦਦ ਲੈਣ ਦਾ ਅਧਿਕਾਰ ਹੈ। ਉਹ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਹੁਣ ਤੱਕ ਸਿਰਫ ਆਪਣੇ ਬੇ-ਕਸੂਰਗੀ ਦੇ ਆਧਾਰ 'ਤੇ ਕਾਨੂੰਨੀ ਪਨਾਹ ਲੈਣ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਸ ਮੌਕੇ ਪੂਰਾ ਅਕਾਲੀ ਦਲ ਜਥੇ. ਦਿਆਲ ਸਿੰਘ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਉਹ ਅਕਾਲੀ ਦਲ ਦੇ ਇਕ ਵਫਾਦਾਰ ਸਿਪਾਹੀ ਹਨ। ਸਾਬਕਾ ਮੁੱਖ ਮੰਤਰੀ ਨੇ ਰੈਲੀ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬਰਗਾੜੀ ਮੋਰਚੇ ਬਾਰੇ ਕਿਹਾ ਕਿ ਇਹ ਮੋਰਚਾ ਮੌਜੂਦਾ ਕਾਂਗਰਸ ਸਰਕਾਰ ਵਲੋਂ ਹੀ ਲਵਾਇਆ ਗਿਆ ਸੀ, ਜੋ ਉਨ੍ਹਾਂ ਨੇ ਖੁਦ ਹੀ ਚੁਕਵਾ ਲਿਆ ਗਿਆ ਹੈ। ਉਨ੍ਹਾਂ ਦਾ ਤਜਰਬਾ ਕਹਿੰਦਾ ਹੈ ਕਿ ਅਜਿਹੇ ਮੋਰਚਿਆਂ ਦੌਰਾਨ ਚੋਖੀ ਆਮਦਨ ਹੋ ਜਾਂਦੀ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਕੈਪਟਨ ਵਲੋਂ ਦੇਸ਼ ਦੀ ਸੁਰੱਖਿਆ ਸਬੰਧੀ ਉਠਾਏ ਗਏ ਮੁੱਦੇ ਬਾਰੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਸੰਗਤਾਂ ਵਲੋਂ ਖੁਲ੍ਹੇ ਦਰਸ਼ਨ-ਦੀਦਾਰੇ ਦੀਆਂ ਲਗਾਤਾਰ ਕੀਤੀਆਂ ਅਰਦਾਸਾਂ ਕਾਰਨ ਭਾਰਤ ਦੀ ਕੇਂਦਰ ਸਰਕਾਰ ਅਤੇ ਪਾਕਿਸਤਾਨ ਸਰਕਾਰ ਵਲੋਂ ਇਹ ਸਹਿਮਤੀ ਬਣੀ ਹੈ ਅਤੇ ਇਹ ਅਕਾਲ ਪੁਰਖ ਵਲੋਂ ਖੁਦ ਹੀ ਕਰਵਾਏ ਗਏ ਕਾਰਜ ਦਾ ਹਿੱਸਾ ਹੈ।ਕਾਂਗਰਸ ਵਲੋਂ ਪੰਜ ਸੂਬਿਆਂ 'ਚ ਕਿਸਾਨੀ ਦੇ ਨਾਂ 'ਤੇ ਲੜੀਆਂ ਗਈਆਂ ਚੋਣਾਂ ਸਬੰਧੀ ਉਨ੍ਹਾਂ ਨੇ ਕਿਹਾ ਕਿ ਕਿਸਾਨੀ ਬਿਨਾਂ ਸਰਕਾਰਾਂ ਦੀ ਰਹਿਨੁਮਾਈ ਸਿਰੇ ਨਹੀਂ ਚੜ੍ਹ ਸਕਦੀ। ਕਿਸਾਨ ਬਹੁਤ ਮਿਹਨਤ ਨਾਲ ਆਪਣੀ ਫਸਲ ਨੂੰ ਪਾਲਦਾ ਹੈ ਅਤੇ ਸਰਕਾਰਾਂ ਦਾ ਕੰਮ ਹੈ ਕਿ ਕਿਸਾਨ ਦੀ ਮਿਹਨਤ ਦਾ ਸਹੀ ਮੁੱਲ ਤੈਅ ਕਰੇ।ਇਸ ਮੌਕੇ ਜਥੇ. ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ, ਪੀ. ਏ. ਗੁਰਮੀਤ ਸਿੰਘ ਕੋਲਿਆਂਵਾਲੀ, ਸ਼ਾਮ ਲਾਲ ਗੁਪਤਾ, ਅਸ਼ਵਨੀ ਗੋਇਲ ਸਮੇਤ ਮਲੋਟ ਅਤੇ ਲੰਬੀ ਹਲਕੇ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।