ਬਾਦਲਾਂ ਨੇ ਸ੍ਰੀ ਅਕਾਲ ਤਖ਼ਤ ਦੀ ਆਨ-ਬਾਨ ਤੇ ਸ਼ਾਨ ਨੂੰ ਲਾਈ ਢਾਹ : ਦਾਦੂਵਾਲ
Friday, Nov 30, 2018 - 05:46 PM (IST)

ਜੈਤੋ (ਸਤਵਿੰਦਰ) : ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਅਤੇ ਸਿੰਘਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦਾਣਾ ਮੰਡੀ 'ਚ ਚਲ ਰਿਹਾ 'ਇਨਸਾਫ਼ ਮੋਰਚਾ' ਲਗਾਤਾਰ ਜਾਰੀ ਹੈ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਬਿਕਮਜੀਤ ਮਜੀਠਿਆ ਨੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸੀ੍ਰ ਅਕਾਲ ਤਖਤ ਸਾਹਿਬ ਦੀ ਆਨ-ਬਾਨ-ਸ਼ਾਨ ਨੂੰ ਢਾਅ ਲਾਈ ਹੈ। ਬੀਤੇ ਦਿਨ ਭਾਈ ਲੋਂਗੋਵਾਲ ਨੇ ਪਾਕਿਸਤਾਨ ਵਿਖੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੌਰਾਨ ਪੰਥ ਦੋਖੀ ਹਰਸਿਮਰਤ ਕੌਰ ਬਾਦਲ ਨਾਲ ਖਲੋਂ ਕੇ ਸਿੱਖ ਪੰਥ ਨੂੰ ਠੇਸ ਪਹੁੰਚਾਈ ਹੈ, ਜਿਸ ਕਾਰਨ ਭਾਈ ਲੋਂਗੋਵਾਲ ਨੂੰ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਭਾਈ ਦਾਦੂਵਾਲ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਕੌਮ ਇੱਕਜੁਟਤਾ ਅਤੇ ਸਹੀ ਮਾਰਗ 'ਤੇ ਚੱਲ ਕੇ ਆਪਣੇ ਟੀਚੇ ਦੀ ਪ੍ਰਾਪਤੀ ਕਰ ਸਕਦੀ ਹੈ। ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ ਅਤੇ ਦੋਸ਼ੀਆਂ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾ ਸਕਦਾ। ਇਨਸਾਫ਼ ਮੋਰਚਾ ਤਦ ਤੱਕ ਨਿਰੰਤਰ ਜਾਰੀ ਰਹੇਗਾ ਜਦ ਤੱਕ ਸ੍ਰੀ ਗੁਰੂ ਗਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ, ਬਰਗਾੜੀ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ। ਜੱਥੇਦਾਰ. ਦਾਦੂਵਾਲ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕਰਦਿਆਂ ਬੇਨਤੀ ਕੀਤੀ ਕਿ ਉਹ ਇਸੇ ਤਰ੍ਹਾਂ ਹਰ ਰੋਜ਼ ਇਨਸਾਫ਼ ਮੋਰਚੇ 'ਚ ਆਪਣੀ ਹਾਜ਼ਰੀ ਭਰੇ ਤਾਂ ਜੋ ਗੁੰਗੀ-ਬੋਲੀ ਸਰਕਾਰ ਦੇ ਕੰਨਾਂ ਤੱਕ ਇਨਸਾਫ਼ ਦੀ ਗੁਹਾਰ ਪੁੱਜ ਸਕੇ। ਇਸ ਸਮੇਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਸ਼ੋਕ ਚੁੱਘ ਸੀ੍ਰ ਮੁਕਤਸਰ ਸਾਹਿਬ, ਭਾਈ ਬੂਟਾ ਸਿੰਘ ਰਣਸੀਂਹ ਅਕਾਲੀ ਦਲ 1920, ਭਾਈ ਪਰਮਜੀਤ ਸਿੰਘ ਸਹੋਲੀ, ਬਾਬਾ ਰਾਜਾ ਰਾਜ ਸਿੰਘ ਤਰਨਾਦਲ ਆਦਿ ਹਾਜ਼ਰ ਸਨ। ਇਸ ਦੌਰਾਨ ਸਟੇਜ ਦੀ ਸੇਵਾ ਭਾਈ ਰਣਜੀਤ ਸਿੰਘ ਵਾਂਦਰ ਵਲੋਂ ਨਿਭਾਈ ਗਈ।