ਮਜੀਠਾ ''ਚ ਵੱਡੀ ਵਾਰਦਾਤ, ਕਰਮਚਾਰੀਆਂ ਦੇ ਹੱਥ-ਪੈਰ ਬੰਨ੍ਹ ਕੇ ਲੁੱਟਿਆ ਬੈਂਕ
Tuesday, May 19, 2020 - 07:57 PM (IST)
ਅੰਮ੍ਰਿਤਸਰ/ਚੇਤਨਪੁਰਾ (ਨਿਰਵੈਲ, ਸਰਬਜੀਤ, ਭੱਟੀ) : ਇਥੋਂ ਨਾਲ ਲੱਗਦੇ ਪਿੰਡ ਸੋਹੀਆਂ ਕਲਾਂ ਵਿਖੇ ਇੰਡਸਇੰਡ ਬੈਂਕ ਦੀ ਬ੍ਰਾਂਚ ਨੂੰ ਦੁਪਹਿਰੇ ਡੇਢ ਵਜ਼ੇ ਦੇ ਕਰੀਬ ਲੁਟੇਰਿਆਂ ਵਲੋਂ ਲੁੱਟ ਲਿਆ ਗਿਆ। ਬੈਂਕ ਮੈਨੇਜ਼ਰ ਕਰਨ ਸ਼ਰਮਾ ਵਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੁਪਹਿਰ ਕਰੀਬ ਡੇਢ ਵਜੇ ਜਦੋਂ ਉਹ ਅਤੇ ਦਰਜਾਚਾਰ ਕਰਮਚਾਰੀ ਲਵਪ੍ਰੀਤ ਬੈਂਕ ਵਿਚ ਕੰਮ-ਕਾਰ ਕਰ ਰਹੇ ਸਨ ਤਾਂ ਤਿੰਨ ਹਥਿਆਰਬੰਦ ਲੁਟੇਰੇ ਬ੍ਰਾਂਚ ਅੰਦਰ ਦਾਖਲ ਹੋਏ ਜਦਕਿ ਬੈਂਕ ਵਿਚ ਕੰਮ ਕਰਦੇ ਦੋ ਹੋਰ ਕਰਮਚਾਰੀ ਫ਼ੀਲਡ ਵਿਚ ਗਏ ਹੋਏ ਸਨ। ਲੁਟੇਰਿਆਂ ਵਲੋਂ ਆਉਂਦਿਆਂ ਹੀ ਉਨ੍ਹਾਂ ਦੀ ਧੌਣ 'ਤੇ ਗੰਨ ਤਾਣ ਕੇ ਉਸਦੀਆਂ ਅਤੇ ਦਰਜਾਚਾਰ ਕਰਮਚਾਰੀ ਲਵ ਦੀਆਂ ਰੱਸੀਆਂ ਨਾਲ ਲੱਤਾਂ ਬਾਹਾਂ ਬੰਨ੍ਹ ਕੇ ਕੈਸ਼ ਕਾਊਂਟਰ ਵਿਚੋਂ 1092200 ਰੁਪਏ ਦੀ ਨਕਦੀ ਲੈ ਕੇ ਚਿੱਟੇ ਰੰਗ ਦੀ ਕਰੂਜ਼ਰ ਕਾਰ 'ਤੇ ਫ਼ਰਾਰ ਹੋ ਗਏ। ਜਾਣ ਲੱਗਿਆਂ ਉੱਹ ਬੈਂਕ ਦਾ ਸ਼ੱਟਰ ਅੱਧਾ ਨੀਵਾਂ ਕਰ ਗਏ। ਉਨ੍ਹਾ ਵਿਚੋਂ ਇਕ ਆਦਮੀ ਬਾਹਰ ਕਾਰ ਵਿਚ ਬੈਠਾ ਰਿਹਾ ਜੋ ਅੰਦਰ ਨਹੀਂ ਆਇਆ।
ਇਹ ਵੀ ਪੜ੍ਹੋ : ਇਕ ਤਰਫਾ ਪਿਆਰ 'ਚ ਅੰਨ੍ਹੇ ਹੋਏ ਮੁੰਡੇ ਨੇ ਕੁੜੀ ਦਾ ਕਿਰਚਾਂ ਮਾਰ ਕੇ ਕੀਤਾ ਕਤਲ
ਉਨ੍ਹਾਂ ਦੱਸਿਆ ਕਿ ਨਾਲ ਲੱਗਦੇ ਸ਼ਰਾਬ ਦੇ ਠੇਕੇ ਦੇ ਕਰਮਚਾਰੀ ਨੇ ਲੁਟੇਰਿਆਂ ਦੇ ਜਾਣ ਉਪਰੰਤ ਸ਼ੋਰ ਸੁਣ ਕੇ ਅੰਦਰ ਆ ਕੇ ਉਨ੍ਹਾਂ ਦੀਆਂ ਕੁਰਸੀਆਂ ਨਾਲ ਬੱਝੀਆਂ ਲੱਤਾਂ ਬਾਹਾਂ ਨੂੰ ਖੋਲ੍ਹਿਆ। ਮੌਕੇ 'ਤੇ ਇਹ ਵੀ ਵੇਖਣ ਵਿਚ ਆਇਆ ਹੈ ਕਿ ਬ੍ਰਾਂਚ ਵਿਚ ਨਾ ਤਾਂ ਕੋਈ ਸਕਿਓਰਿਟੀ ਗਾਰਡ ਅਤੇ ਨਾ ਹੀ ਸੀਂ.ਸੀ.ਟੀ.ਵੀ. ਕੈਮਰੇ ਹਨ। ਇਸ ਘਟਨਾ ਦੀ ਜਾਣਕਾਰੀ ਮਜੀਠਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਪੁਲਸ ਵਲੋਂ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਥਾਣਾ ਮਜੀਠਾ ਦੇ ਐੱਸ.ਐੱਚ.ਓ. ਕਪਿਲ ਸ਼ਰਮਾ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਸ ਘਟਨਾ ਨਾਲ ਸਬੰਧਤ ਦੋਸ਼ੀਆਂ ਨੂੰ ਪਕੜਨ ਵਿਚ ਕਿਸੇ ਕਿਸਮ ਦੀ ਦੇਰੀ ਨਹੀਂ ਕੀਤੀ ਜਾਵੇਗੀ, ਦੋਸ਼ੀ ਬਹੁਤ ਜਲਦੀ ਜੇਲ ਵਿਚ ਹੋਣਗੇ।
ਇਹ ਵੀ ਪੜ੍ਹੋ : ਪਤੀ ਦੇ ਅੰਤਿਮ ਅਰਦਾਸ ਦੀਆਂ ਰਸਮਾਂ ਤੋਂ ਬਾਅਦ ਪੁਲਸ ਨੇ ਪਤਨੀ ਕੀਤੀ ਗ੍ਰਿਫ਼ਤਾਰ