ਬੈਂਕ ਦੀ ਨਕਦੀ ਸਹੀ ਟਿਕਾਣੇ ''ਤੇ ਪਹੁੰਚਾਉਣ ਵਾਲੇ ਅਫ਼ਸਰ ਨੇ ਹੀ ਵਾਰਦਾਤ ਨੂੰ ਦੇ ਦਿੱਤਾ ਅੰਜਾਮ, ਪੜ੍ਹ ਕੇ ਉਡ ਜਾਣਗੇ ਹੋਸ਼
Saturday, Nov 26, 2022 - 03:14 AM (IST)
ਲੁਧਿਆਣਾ (ਤਰੁਣ) : ਬੈਂਕ ਦੀ ਨਕਦੀ ਵੈਨ ਜ਼ਰੀਏ ਇਕ ਤੋਂ ਦੂਜੀ ਥਾਂ ਪਹੁੰਚਾਉਣ ਵਾਲੇ ਇਕ ਅਫ਼ਸਰ ਨੇ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਬੈਂਕ ਦੀ ਨਕਦੀ ਕਾਦਾ ਮਿਲਾਨ ਕਰਨ ’ਤੇ 5 ਲੱਖ ਦੀ ਚੋਰੀ ਹੋਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਕੰਪਨੀ ਦੇ ਪ੍ਰਬੰਧਕਾਂ ਨੇ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ 2 ਘੰਟਿਆਂ ਅੰਦਰ 5 ਲੱਖ ਦੀ ਨਕਦੀ ਸਮੇਤ ਮੁਲਜ਼ਮ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਕਰਮਜੀਤ ਸਿੰਘ ਵਾਸੀ ਪਿੰਡ ਬਸਰਾਓ ਰਾਏਕੋਟ ਵਜੋਂ ਹੋਈ ਹੈ।
ਇਹ ਵੀ ਪੜ੍ਹੋ : 10 ਸਾਲਾ ਬੱਚੇ 'ਤੇ FIR ਮਗਰੋਂ DCP ਦਾ ਆਇਆ ਬਿਆਨ, Gun ਨਾਲ ਤਸਵੀਰ ਹੋਈ ਸੀ ਵਾਇਰਲ
ਸਿਸ ਕੈਸ਼ ਸਰਵਿਸ ਪ੍ਰਾ. ਲਿਮ. ਕੰਪਨੀ ਵੱਲੋਂ ਸ਼ਿਕਾਇਤਕਰਤਾ ਅਨਿਮੇਸ਼ ਕੁਮਾਰ ਵਾਸੀ ਨਿਊ ਪੰਜਾਬ ਮਾਤਾ ਨਗਰ ਪੱਖੋਵਾਲ ਰੋਡ ਨੇ ਦੱਸਿਆ ਕਿ ਉਹ ਕੰਪਨੀ ’ਚ ਬਤੌਰ ਬ੍ਰਾਂਚ ਹੈੱਡ ਵਜੋਂ ਕੰਮ ਕਰਦਾ ਹੈ। ਉਨ੍ਹਾਂ ਦੀ ਕੰਪਨੀ ਵੈਨ ਜ਼ਰੀਏ ਬੈਂਕ ਦੀ ਨਕਦੀ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਅਤੇ ਸੁਰੱਖਿਆ ਦਾ ਕੰਮ ਕਰਦੀ ਹੈ। 24 ਨਵੰਬਰ ਨੂੰ ਉਨ੍ਹਾਂ ਦੀ ਕੰਪਨੀ ਦੀ ਗੱਡੀ ਇੰਡੀਅਨ ਓਵਰਸੀਜ਼ ਬੈਂਕ ਤੋਂ ਨਕਦੀ ਲੈ ਕੇ ਪੱਖੋਵਾਲ ਰੋਡ ਸਥਿਤ ਬੈਂਕ ’ਚ ਜਮ੍ਹਾ ਕਰਵਾਉਣ ਪੁੱਜੀ, ਜਿੱਥੇ ਨਕਦੀ ਦੇ ਮਿਲਾਨ ਦੌਰਾਨ 5 ਲੱਖ ਦੀ ਨਕਦੀ ਘੱਟ ਪਾਈ ਗਈ। ਉਨ੍ਹਾਂ ਇਲਾਕਾ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਕਈ ਖੁਲਾਸੇ ਹੋਏ।
ਇਹ ਵੀ ਪੜ੍ਹੋ : 18 ਸਾਲਾਂ ਤੋਂ ਸ਼ਮਸ਼ਾਨਘਾਟ ’ਚ ਰਹਿ ਰਹੇ ਪਰਿਵਾਰ ਨੇ ਕੀਤੀ ਮਦਦ ਦੀ ਪੁਕਾਰ (ਵੀਡੀਓ)
2 ਘੰਟਿਆਂ ’ਚ ਮੁਲਜ਼ਮ ਗ੍ਰਿਫ਼ਤਾਰ
ਥਾਣਾ ਡਵੀਜ਼ਨ ਨੰ. 2 ਇੰਚਾਰਜ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਜਾਂਚ-ਪੜਤਾਲ ਕਰਨ ’ਤੇ ਪਤਾ ਲੱਗਾ ਕਿ ਨਕਦੀ ਦੀ ਸਾਂਭ-ਸੰਭਾਲ ਦੀ ਮੁੱਖ ਹਿੱਸੇਦਾਰੀ ਅਫ਼ਸਰ ਕਰਮਜੀਤ ਅਤੇ ਅਫ਼ਸਰ ਬਲਜਿੰਦਰ ਸਿੰਘ ਦੀ ਸੀ। ਮੌਕਾ ਦੇਖ ਕੇ ਕਰਮਜੀਤ ਨੇ 25 ਲੱਖ ਦੀ ਨਕਦੀ ’ਚੋਂ 5 ਲੱਖ ਦੀ ਨਕਦੀ ਚੋਰੀ ਕਰ ਲਈ। ਕਰਮਜੀਤ ਨੇ ਇਹ ਨਕਦੀ ਜੈਕੇਟ ’ਚ ਲੁਕੋਈ ਸੀ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਜੈਕੇਟ ਸਮੇਤ 5 ਲੱਖ ਦੀ ਨਕਦੀ ਬਰਾਮਦ ਕਰ ਲਈ। ਸੂਚਨਾ ਮਿਲਣ ਤੋਂ ਬਾਅਦ 2 ਘੰਟਿਆਂ ਦੇ ਅੰਦਰ ਪੁਲਸ ਨੇ ਮੁਲਜ਼ਮ ਨੂੰ ਦਬੋਚ ਲਿਆ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।