ਬੰਦੀ ਸਿੰਘਾਂ ਦੀ ਰਿਹਾਈ ਲੲ ਅੱਜ ਪੰਜਾਬ ਬੰਦ ਦੀ ਹਮਾਇਤ
Thursday, Aug 20, 2026 - 06:12 PM (IST)
ਕੋਟ ਈਸੇ ਖਾਂ (ਸੰਜੀਵ ਸੂਦ) : ਕਿਸਾਨ ਮਜ਼ਦੂਰ ਮੋਰਚੇ ਨਾਲ ਸਬੰਧਤ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੀ ਭਰਵੀਂ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਨਿਹੰਗ ਸਿੰਘ ਛਾਉਣੀ, ਕੋਟ ਈਸੇ ਖਾਂ ਵਿਖੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਵੱਖ-ਵੱਖ ਕਿਸਾਨੀ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਲੰਬੀਆਂ ਸਜ਼ਾਵਾਂ ਭੁਗਤਣ ਦੇ ਬਾਵਜੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਬਿਮਾਰ ਮਾਤਾ ਨੂੰ ਮਿਲਣ ਲਈ ਪੈਰੋਲ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਜਥੇਬੰਦੀ ਵੱਲੋਂ ਹਮਾਇਤ ਕੀਤੀ ਜਾਵੇਗੀ।
ਬਲਵੰਤ ਸਿੰਘ ਬਹਿਰਾਮਕੇ ਨੇ ਕਿਹਾ ਕਿ ਆਗੂਆਂ ਅਤੇ ਵਰਕਰਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਅਤੇ ਸ਼ਹਿਰਾਂ ਵਿਚ ਦੁਕਾਨਦਾਰਾਂ ਨੂੰ ਸਤਿਕਾਰ ਸਹਿਤ ਬੰਦ ਵਿਚ ਸਹਿਯੋਗ ਦੇਣ ਦੀ ਅਪੀਲ ਕਰਨ ਦੀਆਂ ਡਿਊਟੀਆਂ ਸੌਂਪੀਆਂ ਗਈਆਂ ਹਨ। ਮੀਟਿੰਗ ਵਿਚ ਗੰਨੇ ਦਾ ਭਾਅ ਨਾ ਵਧਾਏ ਜਾਣ ਦਾ ਮੁੱਦਾ ਵੀ ਉਠਾਇਆ ਗਿਆ। ਆਗੂਆਂ ਨੇ ਖੰਡ ਅਤੇ ਗੁੜ ਦੀਆਂ ਕੀਮਤਾਂ ਵਿਚ ਵਾਧੇ ਦੇ ਮੱਦੇਨਜ਼ਰ ਸਰਕਾਰ ਤੋਂ ਕਿਸਾਨਾਂ ਦੇ ਹਿੱਤ ਵਿਚ ਗੰਨੇ ਦਾ ਢੁੱਕਵਾਂ ਭਾਅ ਤੈਅ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਮੋਟਰਾਂ ਅਤੇ ਕੀਮਤੀ ਸਾਮਾਨ ਦੀਆਂ ਚੋਰੀਆਂ ਰੋਕਣ ਲਈ ਵੀ ਵਿਚਾਰ ਕੀਤਾ ਗਿਆ। ਜਥੇਬੰਦੀ ਨੇ 25 ਅਗਸਤ ਨੂੰ ਪਿੰਡਾਂ ਵਿਚ ਜਾਗਰੂਕਤਾ ਫਲੈਕਸ ਬੋਰਡ ਲਗਾਉਣ ਅਤੇ 31 ਅਗਸਤ ਨੂੰ ਡੀ.ਸੀ. ਦਫ਼ਤਰਾਂ ਅੱਗੇ ਧਰਨੇ ਦੇਣ ਦਾ ਐਲਾਨ ਕੀਤਾ। ਮੀਟਿੰਗ ਵਿਚ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।
