ਭੂੰਦੜ ਬੋਲੇ ਛੱਡ ਦਿਆਂਗੇ ਕੇਂਦਰ ''ਚ ਅਹੁਦਾ, ਸੁਖਬੀਰ ਨੇ ਕਿਹਾ ਭਾਜਪਾ ਨਾਲ ਲੜਾਂਗੇ ਚੋਣ
Tuesday, Jan 28, 2020 - 01:03 PM (IST)
ਅੰਮ੍ਰਿਤਸਰ— ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਪੰਜਾਬ 'ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਭਾਜਪਾ ਨੂੰ ਧਮਕੀ ਦੇਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿਘ ਭੂੰਦੜ ਨੇ ਕਿਹਾ ਹੈ ਕਿ ਦੇਸ਼ 'ਚ ਘਟ ਗਿਣਤੀ ਸੁਰੱਖਿਅਤ ਨਹੀਂ ਹਨ। ਨਾਗਰਿਕਤਾ ਸੋਧ ਕਾਨੂੰਨ 'ਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਮੰਗ 'ਤੇ ਪਾਰਟੀ ਕਾਇਮ ਹੈ ਅਤੇ ਲੋੜ ਪੈਣ 'ਤੇ ਉਹ ਕੇਂਦਰ 'ਚ ਮੰਤਰੀ ਅਹੁਦਾ ਛੱਡ ਸਕਦੀ ਹੈ।
ਜ਼ਿਕਰਯੋਗ ਹੈ ਕਿ ਕੇਂਦਰ 'ਚ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਇਕੋਂ ਮੰਤਰੀ ਹਨ। ਰਾਜ ਸਭਾ ਮੈਂਬਰ ਭੂੰਦੜ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੇ ਗਏ ਇੰਟਰਵਿਊ 'ਚ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਦੇਸ਼ 'ਚ ਘਟ ਗਿਣਤੀ ਸੁਰੱਖਿਅਤ ਨਹੀਂ ਹਨ। ਜਥੇਦਾਰ ਦਾ ਬਿਆਨ ਕੌਮ ਦਾ ਬਿਆਨ ਹੈ। ਦੇਸ਼ 'ਤੇ ਰਾਜ ਕਰਨ ਵਾਲਿਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਪੰਜਾਬ ਅਤੇ ਘੱਟ ਗਿਣਤੀ ਦੇ ਹਿਤਾਂ ਲਈ ਸ਼੍ਰੋਮਣੀ ਅਕਾਲੀ ਕਿਸੇ ਵੀ ਹਦ ਤੱਕ ਜਾਣ ਨੂੰ ਤਿਆਰ ਹੈ।
ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼ 'ਚ ਵੱਸਦੇ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਦਿਵਾਉਣ ਲਈ ਪਾਰਟੀ ਨੇ ਸੰਸਦ 'ਚ ਨਾਗਰਿਕਤਾ ਸੋਧ ਬਿਲ ਦਾ ਸਮਰਥਨ ਕੀਤਾ ਸੀ। ਕਸ਼ਮੀਰ 'ਚ ਵੀ ਸਿੱਖਾਂ ਨੂੰ ਬਣਦਾ ਹੱਕ ਦਿਵਾਉਣ ਲਈ ਹੀ ਪਾਰਟੀ ਨੇ ਐਕਟ 370 ਹਟਾਉਣ ਦਾ ਸਮਰਥਨ ਕੀਤਾ ਸੀ। ਦਿੱਲੀ 'ਚ ਭਾਜਪਾ ਨਾਲ ਸੀਟਾਂ ਨੂੰ ਲੈ ਕੇ ਕੋਈ ਮਤਭੇਦ ਨਹੀਂ ਸੀ। ਭਾਜਪਾ ਜ਼ਿਆਦਾ ਸੀਟਾਂ ਦੇਣ ਨੂੰ ਤਿਆਰ ਸੀ ਪਰ ਸੀ. ਏ. ਏ. 'ਤੇ ਆਪਣੇ ਸਟੈਂਡ ਨਾਲੋਂ ਪਿੱਛੇ ਹੱਟਣ ਨੂੰ ਤਿਆਰ ਨਹੀਂ ਹੈ। ਉਧਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਪੰਜਾਬ 'ਚ ਅਗਲੀਆਂ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਹੀ ਲੜੇਗੀ। ਸ਼ਿਅਦ-ਭਾਜਪਾ ਗਠਜੋੜ ਪੰਜਾਬ ਦੇ ਹਿਤਾਂ ਵਾਲਾ ਹੈ। ਭੂੰਦੜ ਦੇ ਬਿਆਨ 'ਤੇ ਉਨ੍ਹਾਂ ਨ ਟਿੱਪਣੀ ਨਹੀਂ ਕੀਤੀ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੋਮਵਾਰ ਨੂੰ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਸੀ. ਏ. ਏ. ਖਿਲਾਫ ਨਹੀਂ ਹੈ। ਉਹ ਚਾਹੁੰਦਾ ਹੈ ਕਿ ਇਸ 'ਚ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ।
ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦੇ ਬਿਆਨ ਦਾ ਕੀਤਾ ਵਿਰੋਧ
ਭੂੰਦੜ ਨੇ ਕਿਹਾ ਕਿ ਪਾਰਟੀ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਬਿਆਨ ਦਾ ਵਿਰੋਧ ਕਰਦੀ ਹੈ। ਭਾਜਪਾ ਨੇਤਾਵਾਂ ਵੱਲੋਂ ਪੰਜਾਬ 'ਚ ਵੱਧ ਸੀਟਾਂ ਦੀ ਮੰਗ 'ਤੇ ਕਿਹਾ ਕਿ ਜਦੋਂ ਸਮਾਂ ਆਵੇਗਾ ਉਦੋਂ ਦੇਖਿਆ ਜਾਵੇਗਾ। ਪੰਜਾਬ 'ਚ 117 ਵਿਧਾਨ ਸਭਾ ਸੀਟਾਂ 'ਚ ਭਾਜਪਾ 23 'ਤੇ ਹੀ ਚੋਣ ਲੜਦੀ ਹੈ। ਪਾਰਟੀ ਨੇਤਾ ਸ਼੍ਰੋਮਣੀ ਅਕਾਲੀ ਦਲ ਤੋਂ ਜ਼ਿਆਦਾ ਸੀਟਾਂ ਮੰਗ ਰਹੇ ਹਨ।