ਅੰਬਾਲਾ ਹਲਕਿਆਂ ''ਚ ਅਕਾਲੀ ਦਲ ਵੱਲੋਂ ਆਜ਼ਾਦ ਉਮੀਦਵਾਰਾਂ ਦਾ ਸਮਰਥਨ
Friday, Oct 11, 2019 - 01:40 PM (IST)

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਉਸ ਵਲੋਂ ਅੰਬਾਲਾ ਸਿਟੀ ਅਤੇ ਅੰਬਾਲਾ ਕੈਂਟ ਵਿਧਾਨ ਸਭਾ ਹਲਕਿਆਂ ਤੋਂ ਕ੍ਰਮਵਾਰ ਆਜ਼ਾਦ ਉਮੀਦਵਾਰਾਂ ਚੌਧਰੀ ਨਿਰਮਲ ਸਿੰਘ ਅਤੇ ਚਿਤਰਾ ਸਰਵਾਰਾ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਹ ਖੁਲਾਸਾ ਕਰਦਿਆਂ ਅਕਾਲੀ ਦਲ ਹਰਿਆਣਾ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਭਾਵੇਂਕਿ ਇਸ ਫੈਸਲੇ ਬਾਰੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਹੈ ਪਰ ਉਹ ਸਿਰਫ ਇਸ ਲਈ ਦੁਬਾਰਾ ਦੱਸ ਰਹੇ ਹਨ ਤਾਂ ਜੋ ਇਸ ਮਾਮਲੇ 'ਚ ਕੋਈ ਭੰਬਲਭੂਸਾ ਨਾ ਰਹੇ।
ਭੂੰਦੜ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜ ਰਹੇ ਚੌਧਰੀ ਨਿਰਮਲ ਸਿੰਘ ਅਤੇ ਉਨ੍ਹਾਂ ਦੀ ਬੇਟੀ ਚਿਤਰਾ ਸਰਵਾਰਾ ਦਾ ਪੂਰਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਦੋਵੇਂ ਉਮੀਦਵਾਰਾਂ ਨੂੰ ਜਿਤਾਉਣ ਲਈ ਕੋਈ ਕਸਰ ਨਾ ਛੱਡੀ ਜਾਵੇ। ਇਸ ਦੌਰਾਨ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਦਾ ਇਨੈਲੋ ਪਾਰਟੀ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਗਠਜੋੜ ਹੋ ਚੁੱਕਿਆ ਹੈ ਅਤੇ ਉਨ੍ਹਾਂ ਵੱਲੋਂ ਕਾਲਾਂਵਾਲੀ, ਰਤੀਆ ਅਤੇ ਚੀਕਾ ਦੀਆਂ ਸੀਟਾਂ 'ਤੇ ਚੋਣਾਂ ਰਲ ਕੇ ਲੜੀਆਂ ਜਾ ਰਹੀਆਂ ਹਨ।