ਵਿਦੇਸ਼ਾਂ ’ਚ ਬਰਬਾਦ ਹੋ ਰਹੀ ਪੰਜਾਬ ਦੀ ਜਵਾਨੀ, ਜਿਸਮਫ਼ਰੋਸ਼ੀ ਕਰਨ ਨੂੰ ਮਜਬੂਰ ਮੁਟਿਆਰਾਂ : ਰਾਮੂਵਾਲੀਆ
Monday, Feb 06, 2023 - 11:24 AM (IST)
ਜਲੰਧਰ (ਪੁਨੀਤ)- ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਭਲਾਈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਪੰਜਾਬ ਦੀ ਸਿਆਸਤ ’ਚ ਫਿਰ ਤੋਂ ਸਰਗਰਮ ਹੋਣ ਜਾ ਰਹੇ ਹਨ। ਇਸ ਦੀ ਸ਼ੁਰੂਆਤ ਉਹ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਤੋਂ ਕਰ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਰਾਮੂਵਾਲੀਆ ਨੇ ਕਿਹਾ ਕਿ ਅਖੌਤੀ ਟ੍ਰੈਵਲ ਏਜੰਟ ਆਪਣੀਆਂ ਜੇਬਾਂ ਗਰਮ ਕਰਨ ਲਈ ਪੰਜਾਬ ਦੀ ਜਵਾਨੀ ਅਤੇ ਪੈਸਾ ਵਿਦੇਸ਼ਾਂ ’ਚ ਭੇਜ ਰਹੇ ਹਨ। ਇਸ ਨਾਲ ਪੰਜਾਬ ਦਾ ਭਵਿੱਖ ਹਨ੍ਹੇਰੇ ’ਚ ਆ ਰਿਹਾ ਹੈ, ਜਿਸ ਨੂੰ ਰੋਕਣ ਦੀ ਲੋੜ ਹੈ।
ਰਾਮੂਵਾਲੀਆ ਨੇ ਕਿਹਾ ਕਿ ਅਖੌਤੀ ਏਜੰਟ ਨੌਜਵਾਨਾਂ ਨੂੰ 15-20 ਲੱਖ ਰੁਪਏ ਠੱਗ ਰਹੇ ਹਨ ਅਤੇ ਵਿਦੇਸ਼ਾਂ ’ਚ ਚੰਗੀ ਨੌਕਰੀ, ਪੀ. ਆਰ. ਦਿਵਾਉਣ ਦੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਵਿਦੇਸ਼ਾਂ ’ਚ ਜਾਣ ਵਾਲੀ ਮੁਟਿਆਰਾਂ ਦੀ ਦੁਰਦਸ਼ਾ ਬਾਰੇ ’ਚ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕਈ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਹਨ। ਕੁੜੀਆਂ ਦੇ ਕੋਲ ਰੋਜ਼ਗਾਰ ਦੀ ਘਾਟ ਹੈ। ਆਪਣਾ ਢਿੱਡ ਭਰਨ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ। ਕੁੜੀਆਂ ਨੂੰ ਬੰਦੀ ਬਣਾ ਕੇ ਰੱਖਿਆ ਜਾ ਰਿਹਾ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਕੁੜੀਆਂ ਜਿਸਮਫ਼ਰੋਸ਼ੀ ਕਰਨ ਨੂੰ ਮਜਬੂਰ ਹੋ ਰਹੀਆਂ ਹਨ। ਉਨ੍ਹਾਂ ਕੋਲੋਂ ਨਸ਼ੇ ਦੀ ਸਮੱਗਲਿੰਗ ਅਤੇ ਕਈ ਤਰ੍ਹਾਂ ਦੇ ਗਲਤ ਕੰਮ ਕਰਵਾਏ ਜਾ ਰਹੇ ਹਨ। ਰਾਮੂਵਾਲੀਆ ਨੇ ਕਿਹਾ ਕਿ ਵਿਦੇਸ਼ਾਂ ’ਚ ਖ਼ਰਚ ਬੇਹੱਦ ਵੱਧ ਚੁੱਕਾ ਹੈ, ਆਲਮ ਇਹ ਬਣ ਚੁੱਕਾ ਹੈ ਕਿ ਇਕ ਕਮਰੇ ’ਚ 5-6 ਮੁੰਡੇ-ਕੁੜੀਆਂ ਰਹਿਣ ਨੂੰ ਮਜਬੂਰ ਹਨ। ਪਾਸਪੋਰਟ ਉਨ੍ਹਾਂ ਨੂੰ ਵਾਪਸ ਨਹੀਂ ਮੋੜੇ ਜਾ ਰਹੇ, ਜਿਸ ਕਾਰਨ ਉਹ ਪੰਜਾਬ ਆਉਣ ’ਚ ਵੀ ਸਮਰੱਥ ਨਹੀਂ ਹਨ।
ਇਹ ਵੀ ਪੜ੍ਹੋ : ਨਹੀਂ ਰੀਸਾਂ ਸਿਹਤ ਵਿਭਾਗ ਦੀਆਂ, ਭ੍ਰਿਸ਼ਟਾਚਾਰ ਦੇ ਮੁਲਜ਼ਮ ਡਰੱਗ ਕੰਟਰੋਲ ਅਫ਼ਸਰ ਰਵੀ ਗੁਪਤਾ ਮੁੜ ਜਲੰਧਰ 'ਚ ਤਾਇਨਾਤ
ਰਾਮੂਵਾਲੀਆ ਨੇ ਕਿਹਾ ਕਿ ਕੁੜੀਆਂ ਦੇ ਵਾਂਗ ਨੌਜਵਾਨਾਂ ਦੀ ਹਾਲਾਤ ਵੀ ਬੇਹੱਦ ਖ਼ਰਾਬ ਹੈ। ਕਈਆਂ ਦਾ ਜ਼ਿੰਦਗੀ ਚਲਾਉਣਾ ਔਖਾ ਹੋ ਰਿਹਾ ਹੈ। ਵੱਡੀ ਗਿਣਤੀ ’ਚ ਨੌਜਵਾਨ ਗੁਰਦੁਆਰਿਆਂ ’ਚ ਖਾਣਾ ਖਾ ਕੇ ਆਪਣਾ ਸਮਾਂ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਪੰਜਾਬ ਦੀ ਜਵਾਨੀ ਨੂੰ ਬਰਬਾਦ ਹੋਣ ਤੋਂ ਰੋਕਣ ਲਈ ਸੂਬਾ ਸਰਕਾਰ ਸਪੈਸ਼ਲ ਸੈਸ਼ਨ ਸੱਦੇ। ਇਸ ਸੈਸ਼ਨ ’ਚ ਠੱਗੀ ਕਰਨ ਵਾਲੇ ਟ੍ਰੈਵਲ ਏਜੰਟ ਨੂੰ ਘੱਟੋ ਘੱਟ 10 ਸਾਲ ਦੀ ਸਜ਼ਾ ਦੀ ਵਿਵਸਥਾ ਰੱਖੀ ਜਾਵੇ। ਇਸ ’ਚ ਸਭ ਤੋਂ ਅਹਿਮ ਮੁੱਦਾ ਕੁੜੀਆਂ ਨਾਲ ਜੁੜਿਆ ਹੈ ਕਿਉਂਕਿ ਉਨ੍ਹਾਂ ਨੂੰ ਵਿਦੇਸ਼ਾਂ ’ਚ ਭੇਜ ਕੇ ਗਲਤ ਧੰਦੇ ’ਚ ਪਾਇਆ ਜਾ ਰਿਹਾ ਹੈ। ਅਜਿਹਾ ਕਰਨ ਵਾਲੇ ਟ੍ਰੈਵਲ ਏਜੰਟ ਦੇ ਪਰਿਵਾਰ ਦੀਆਂ ਔਰਤਾਂ ’ਤੇ ਪਰਚਾ ਦਰਜ ਕਰਨ ਦੀ ਵਿਵਸਥਾ ਹੋਣ ਜ਼ਰੂਰੀ ਹੈ, ਤਾਂ ਜੋ ਅਖੌਤੀ ਟ੍ਰੈਵਲ ਏਜੰਟਾਂ ਦੇ ਦਿਲਾਂ ’ਚ ਡਰ ਪੈਦਾ ਹੋ ਸਕੇ ਅਤੇ ਪੰਜਾਬ ਦੀਆਂ ਕੁੜੀਆਂ ਨੂੰ ਬਚਾਇਆ ਜਾ ਸਕੇ।
ਟ੍ਰੈਵਲ ਏਜੰਟਾਂ ਦੇ ਵਿਰੁੱਧ ਮੋਰਚਾ ਖੋਲ੍ਹਣ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕ ਆਵਾਜ਼ ਉਠਾਉਣ, ਉਹ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ 16 ਮਾਰਚ ਦੇ ਬਾਅਦ ਟ੍ਰੈਵਲ ਏਜੰਟਾਂ ਦੇ ਵਿਰੁੱਧ ਧਰਨੇ ਵਿਖਾਵਿਆਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ। ਬਲਵੰਤ ਸਿੰਘ ਨੇ ਕਿਹਾ ਕਿ ਮਾਂ-ਬਾਪ ਨੂੰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਨਾਂਹ ਕਰਨੀ ਚਾਹੀਦੀ ਹੈ, ਨਹੀਂ ਤਾਂ ਉਨ੍ਹਾਂ ਦੇ ਕੋਲ ਪਛਤਾਵਾ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਬਚੇਗਾ।
ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ, ਦੋ ਮਹੀਨੇ ਪਹਿਲਾਂ ਕੈਨੇਡਾ ਗਏ ਰੋਪੜ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।