ਨਹੀਂ ਹੋਵੇਗੀ ਸਾਬਕਾ ਸੀ. ਐੱਮ. ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਰਾਜੋਆਣਾ ਦੀ ਰਿਹਾਈ

10/17/2019 1:01:53 PM

ਲੁਧਿਆਣਾ (ਹਿਤੇਸ਼) : ਸਾਬਕਾ ਸੀ. ਐੱਮ. ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ 'ਜਗ ਬਾਣੀ' ਵਲੋਂ ਪ੍ਰਕਾਸ਼ਿਤ ਖਬਰ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਹਰ ਲਾ ਦਿੱਤੀ ਹੈ। ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨਹੀਂ ਹੋਵੇਗੀ। ਇਥੇ ਦੱਸਣਾ ਸਹੀ ਹੋਵੇਗਾ ਕਿ ਕੇਂਦਰ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ 'ਤੇ ਸਜ਼ਾ ਪੂਰੀ ਹੋਣ ਦੇ ਲੰਬੇ ਸਮੇਂ ਤੋਂ ਬਾਅਦ ਵੀ ਜੇਲਾਂ 'ਚ ਬੰਦ ਕੈਦੀਆਂ ਦੀ ਰਿਹਾਈ ਸਬੰਧੀ ਫੈਸਲਾ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਉਨ੍ਹਾਂ 'ਚ ਰਾਜੋਆਣਾ ਦਾ ਨਾਂ ਵੀ ਸ਼ਾਮਲ ਹੋਣ ਦੀਆਂ ਅਟਕਲਾਂ ਸੁਣਨ ਨੂੰ ਮਿਲੀਆਂ ਤਾਂ ਬੇਅੰਤ ਸਿੰਘ ਦੇ ਪਰਿਵਾਰ ਨੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਦੌਰਾਨ ਐੱਮ. ਪੀ. ਰਵਨੀਤ ਬਿੱਟੂ ਵਲੋਂ ਇਹ ਦਲੀਲ ਦਿੱਤੀ ਗਈ ਕਿ ਰਾਜੋਆਣਾ ਨੇ ਆਪਣਾ ਜੁਰਮ ਕਬੂਲ ਕਰਨ ਤੋਂ ਬਾਅਦ ਸਜ਼ਾ ਮੁਆਫੀ ਲਈ ਕੋਈ ਅਪੀਲ ਨਹੀਂ ਕੀਤੀ। ਬਿੱਟੂ ਨੇ ਰਾਜੋਆਣਾ ਦੀ ਰਿਹਾਈ ਕਾਰਨ ਪੰਜਾਬ 'ਚ ਮਾਹੌਲ ਖਰਾਬ ਹੋਣ ਦੀ ਸ਼ੰਕਾ ਵੀ ਪ੍ਰਗਟ ਕੀਤੀ। ਇਸ 'ਤੇ ਇਤਰਾਜ਼ ਜਤਾਉਂਦਿਆਂ ਅਕਾਲੀ ਦਲ ਅਤੇ ਭਾਜਪਾ ਦੇ ਨੇਤਾਵਾਂ ਨੇ ਰਾਜੋਆਣਾ ਦੀ ਸਜ਼ਾ ਮੁਆਫੀ ਦਾ ਸਮਰਥਨ ਕੀਤਾ।

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਭੇਜੀ ਗਈ ਟਾਡਾ ਤਹਿਤ ਜੇਲਾਂ 'ਚ ਬੰਦ ਕੈਦੀਆਂ ਦੀ ਸੂਚੀ 'ਚ ਰਾਜੋਆਣਾ ਦਾ ਨਾਂ ਸ਼ਾਮਲ ਹੋਣ ਦੀ ਗੱਲ ਕਬੂਲਣ ਤੋਂ ਇਲਾਵਾ ਫਾਂਸੀ ਦੀ ਸਜ਼ਾ ਦੇਣ ਦੇ ਹੱਕ 'ਚ ਨਾ ਹੋਣ ਦਾ ਸਟੈਂਡ ਦੁਹਰਾਉਣ 'ਤੇ ਚਰਚਾ ਛਿੜ ਗਈ ਕਿ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਕਾਂਗਰਸ 2 ਹਿੱਸਿਆਂ 'ਚ ਵੰਡੀ ਗਈ ਹੈ, ਜਿਸ ਦੇ ਮੱਦੇਨਜ਼ਰ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਕੋਟਲੀ ਨੇ ਰਾਜੋਆਣਾ ਦੀ ਰਿਹਾਈ ਦੇ ਕਿਸੇ ਵੀ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦਾ ਐਲਾਨ ਕਰ ਦਿੱਤਾ। ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਕੇਂਦਰ ਸਰਕਾਰ ਬੈਕਫੁੱਟ 'ਤੇ ਆ ਗਈ। ਇਸ ਬਾਰੇ 'ਜਗ ਬਾਣੀ' ਵਲੋਂ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਗਿਆ ਸੀ ਅਤੇ ਹੁਣ ਇਕ ਚੈਨਲ ਨੂੰ ਦਿੱਤੇ ਗਏ ਇੰਟਰਵਿਊ 'ਚ ਅਮਿਤ ਸ਼ਾਹ ਨੇ ਸਾਫ ਕਰ ਦਿੱਤਾ ਹੈ ਕਿ ਰਾਜੋਆਣਾ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।


Anuradha

Content Editor

Related News