ਸਿੱਧੂ ਮੂਸੇਵਾਲਾ ਵੱਲੋਂ ਕਾਲਜ ’ਚ ਬਿਤਾਏ ਦਿਨਾਂ ਨੂੰ ਯਾਦ ਕਰ ਭਾਵੁਕ ਹੋਏ ਮਾਪੇ

03/17/2023 2:47:26 AM

ਲੁਧਿਆਣਾ (ਵਿੱਕੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀ ਸਵਰਗੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸਮਰਪਿਤ 2 ਦਿਨਾ ਸੱਭਿਆਚਾਰਕ ਮੇਲਾ ‘ਆਨੰਦ ਉਤਸਵ 2023’ ਅੱਜ ਪੂਰੇ ਜੋਸ਼ ਨਾਲ ਸ਼ੁਰੂ ਹੋਇਆ। ਪ੍ਰੋਗਰਾਮ ’ਚ ਸੱਭਿਆਚਾਰਕ ਅਤੇ ਤਕਨੀਕ ਦੋਵਾਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਚਰਨ ਕੌਰ ਆਪਣੇ ਬੇਟੇ ਦੀਆਂ ਕਾਲਜ ਦੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਨਾਲ ਸਮਾਗਮ ’ਚ ਹਾਜ਼ਰ ਕਈ ਵਿਦਿਆਰਥੀ ਵੀ ਭਾਵੁਕ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ : ਟਰੈਵਲ ਏਜੰਟ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਕਾਰਵਾਈ

ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਜਦੋਂ ਵੀ ਆਪਣੇ ਕਾਲਜ ਦੇ ਸਾਹਮਣਿਓਂ ਗੁਜ਼ਰਦਾ ਸੀ ਤਾਂ ਹਮੇਸ਼ਾ ਆਪਣੇ ਸਿਰ ਨੂੰ ਝੁਕਾ ਕੇ ਇਸ ਸੰਸਥਾ ਨੂੰ ਪ੍ਰਣਾਮ ਕਰਦਾ ਸੀ। ਉਹ ਹਮੇਸ਼ਾ ਕਹਿੰਦਾ ਸੀ ਕਿ ਚਾਹੇ ਅੱਜ ਉਹ ਗਾਇਕੀ ਦੇ ਖੇਤਰ ’ਚ ਇਕ ਵੱਖਰੀ ਪਛਾਣ ਰੱਖਦਾ ਹੈ ਪਰ ਇਸ ਕਾਲਜ ਨੇ ਉਸ ਨੂੰ ਜੋ ਦਿੱਤਾ ਹੈ, ਉਸ ਦੇ ਲਈ ਉਹ ਸਦਾ ਇਸ ਦਾ ਕਰਜ਼ਦਾਰ ਰਹੇਗਾ। ਕੰਬਦੀ ਹੋਈ ਆਵਾਜ਼ ’ਚ ਦੱਸਿਆ ਕਿ ਸਿੱਧੂ ਕਦੇ ਵੀ ਆਪਣੇ ਕੋਲ ਪਰਸ ਨਹੀਂ ਸੀ ਰੱਖਦਾ। ਉਹ ਜਦੋਂ ਵੀ ਕਿਤੇ ਬਾਹਰ ਜਾਂਦਾ ਤਾਂ ਪੈਸੇ ਉਨ੍ਹਾਂ ਕੋਲੋਂ ਲੈ ਕੇ ਜਾਂਦਾ ਸੀ ਅਤੇ ਵਾਪਸ ਆ ਕੇ ਬਚੇ ਪੈਸੇ ਉਨ੍ਹਾਂ ਨੂੰ ਵਾਪਸ ਕਰ ਦਿੰਦਾ ਸੀ। ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਸੱਚ ਦਾ ਸਾਥ ਦੇਣ ਅਤੇ ਆਪਣੇ ਸੱਭਿਆਚਾਰ ਦਾ ਸਨਮਾਨ ਕਰਨ ਦਾ ਸੁਨੇਹਾ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਸੁਨਹਿਰੀ ਭਵਿੱਖ ਬਣਾਉਣ ਲਈ ਇਟਲੀ ਗਏ ਪੰਜਾਬੀ ਦੀ ਅਚਾਨਕ ਮੌਤ

ਸਾਬਕਾ ਕੈਬਨਿਟ ਮੰਤਰੀ ਪੰਜਾਬ ਮਹੇਸ਼ਇੰਦਰ ਸਿੰਘ ਗਰੇਵਾਲ, ਗੁਰਚਰਨ ਸਿੰਘ ਗਰੇਵਾਲ ਸਕੱਤਰ ਐੱਸ. ਜੀ. ਪੀ. ਸੀ. ਅਤੇ ਟਰੱਸਟੀ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਅਤੇ ਇੰਦਰਪਾਲ ਸਿੰਘ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਸਿੱਧੂ ਦੇ ਮਾਤਾ-ਪਿਤਾ ਨੂੰ ਸਨਮਾਨਿਤ ਕੀਤਾ। ਸਿੱਧੂ ਵੱਲੋਂ ਬੀ. ਟੈੱਕ. ਦੌਰਾਨ ਤਿਆਰ ਕੀਤਾ ਗਿਆ ਇਕ ਪ੍ਰਾਜੈਕਟ ਵੀ ਯਾਦਗਾਰ ਵਜੋਂ ਉਨ੍ਹਾਂ ਨੂੰ ਭੇਟ ਕੀਤਾ। ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਕਿਹਾ ਕਿ ਸਿੱਧੂ ਇਕ ਬਹੁਤ ਹੀ ਹੋਣਹਾਰ ਅਤੇ ਮਿਹਨਤੀ ਵਿਦਿਆਰਥੀ ਸੀ, ਜਿਸ ਨੇ ਹਮੇਸ਼ਾ ਸਿੱਖਿਆ ਦੇ ਖੇਤਰ ’ਚ ਚੰਗੇ ਅੰਕ ਹਾਸਲ ਕੀਤੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼ੁਭਦੀਪ ਪੜ੍ਹਾਈ ਦੇ ਨਾਲ ਹੀ ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ’ਚ ਖੁੱਲ੍ਹ ਕੇ ਹਿੱਸਾ ਲੈਂਦਾ ਸੀ।


Manoj

Content Editor

Related News