ਸਿੱਖ ਨੌਜਵਾਨਾਂ ਦੀਆਂ ਨਜਾਇਜ਼ ਗ੍ਰਿਫਤਾਰੀਆਂ ਬੰਦ ਕਰੇ ਪੰਜਾਬ ਸਰਕਾਰ : ਦਾਦੂਵਾਲ

Wednesday, Jun 14, 2017 - 07:13 PM (IST)

ਸਿੱਖ ਨੌਜਵਾਨਾਂ ਦੀਆਂ ਨਜਾਇਜ਼ ਗ੍ਰਿਫਤਾਰੀਆਂ ਬੰਦ ਕਰੇ ਪੰਜਾਬ ਸਰਕਾਰ : ਦਾਦੂਵਾਲ

ਤਲਵੰਡੀ ਸਾਬੋ (ਮੁਨੀਸ਼) : ਪੰਜਾਬ ਭਰ ਵਿਚ ਅੱਤਵਾਦ ਦੇ ਨਾਮ ਉਪਰ ਸਿੱਖ ਨੌਜਵਾਨਾਂ ਦੀ ਸਰਕਾਰ ਵਲੋਂ ਫੜੋ-ਫੜੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਵੇਖਣ ਵਿਚ ਆ ਰਿਹਾ ਕੇ ਬਹੁਤ ਸਾਰੇ ਬੇਕਸੂਰ ਨੌਜਵਾਨ ਅੱਤਵਾਦ ਦੇ ਨਾਮ 'ਤੇ ਗ੍ਰਿਫਤਾਰ ਕਰਕੇ ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਜਦਕਿ ਪੰਜਾਬ ਵਿਚ ਅਮਨ ਸ਼ਾਂਤੀ ਵਾਲਾ ਮਹੌਲ ਹੈ। ਪੰਜਾਬ ਸਰਕਾਰ ਨੂੰ ਇਹ ਫੜੋ-ਫੜੀ ਅਤੇ ਤਸ਼ੱਦਦ ਵਾਲਾ ਕੰਮ ਤੁਰੰਤ ਬੰਦ ਕਰਨਾ ਚਾਹੀਦਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।
ਜਥੇਦਾਰ ਦਾਦੂਵਾਲ ਦੇ ਪੰਜਾਬ ਵਿਚਲੇ ਹੈਡ ਕੁਆਟਰ ਗੁਰਦੁਆਰਾ ਜੰਡਾਲੀਸਰ ਸਾਹਿਬ ਪਾਤਸ਼ਾਹੀ ਦਸਵੀਂ ਕੋਟ ਸ਼ਮੀਰ ਤੋਂ ਉਨ੍ਹਾਂ ਦੇ ਸਹਾਇਕ ਭਾਈ ਜਗਮੀਤ ਸਿੰਘ ਨੇ ਮੀਡੀਆਂ ਨੂੰ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕੇ ਫੜੇ ਸਿੱਖ ਨੌਜਵਾਨਾਂ ਨੂੰ ਮੀਡੀਆ ਵਲੋਂ ਤੁਰੰਤ ਅੱਤਵਾਦੀ ਕਹਿਣਾ ਵੀ ਅਤਿ ਮੰਦਭਾਗਾ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਫੜੇ ਨੌਜਵਾਨਾਂ 'ਤੇ ਜਿੰਨਾ ਚਿਰ ਦੋਸ਼ ਆਇਦ ਨਹੀਂ ਹੁੰਦੇ ਅਦਾਲਤ ਕਾਨੂੰਨ ਅਨੁਸਾਰ ਦੋਸ਼ੀ ਸਿੱਧ ਨਹੀਂ ਕਰਦੀ ਉਨਾ ਚਿਰ ਉਨ੍ਹਾਂ ਨੂੰ ਸਿੱਖ ਅੱਤਵਾਦੀ ਕਹਿਣਾ ਕਾਨੂੰਨ ਦੀ ਵੀ ਉਲੰਘਣਾ ਹੈ। ਇਹ ਬਰਦਾਸ਼ਤ ਨਹੀ ਕੀਤਾ ਜਾਵੇਗਾ। ਬਿਜਲਈ ਅਤੇ ਪ੍ਰਿੰਟ ਮੀਡੀਆ ਨੂੰ ਪੂਰੀ ਜ਼ਿੰਮੇਵਾਰੀ ਨਾਲ ਕੰਮ ਲੈਣਾ ਚਾਹੀਦਾ ਹੈ ਅਤੇ ਪੱਖਪਾਤੀ ਸੋਚ ਛੱਡ ਕੇ ਨਿਰਪੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਪਹਿਲਾਂ ਅੰਗਰੇਜ਼ੀ ਅਤੇ ਹਿੰਦੀ ਮੀਡੀਆ ਇਸ ਤਰ੍ਹਾਂ ਲਿਖਦਾ ਸੀ ਪਰ ਬੜੇ ਦੁੱਖ ਦੀ ਗੱਲ ਕੇ ਹੁਣ ਦੇਖਾ ਦੇਖੀ ਪੰਜਾਬੀ ਅਖਬਾਰਾਂ ਵੀ ਕਿਸੇ ਫੈਸਲੇ ਤੋਂ ਪਹਿਲਾਂ ਹੀ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਲਿਖਣ ਲੱਗ ਪਈਆਂ ਹਨ ਜੋ ਤੁਰੰਤ ਬੰਦ ਹੋਣਾ ਚਾਹੀਦਾ ਹੈ।


Related News