ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਰਹੇ ਨੇ ਅਕਾਲੀ: ਬਲਜਿੰਦਰ ਕੌਰ

Monday, Aug 31, 2020 - 12:12 PM (IST)

ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਰਹੇ ਨੇ ਅਕਾਲੀ: ਬਲਜਿੰਦਰ ਕੌਰ

ਜਲੰਧਰ (ਰਮਨਦੀਪ ਸਿੰਘ ਸੋਢੀ)— ਬੀਤੀ 28 ਅਗਸਤ ਦੇ ਵਿਧਾਨ ਸਭਾ ਸੈਸ਼ਨ ਦੀ ਇਕ ਦਿਨਾ ਕਾਰਵਾਈ ਨੂੰ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਮੁਤਾਬਕ ਸੰਵਿਧਾਨਕ ਪ੍ਰਕਿਰਿਆ ਲਈ ਮਹਿਜ਼ ਅੱਧੇ ਦਿਨ ਦੇ ਸੈਸ਼ਨ ਨੂੰ ਸਿਰਫ ਲੋਕਾਂ ਦੇ ਟੈਕਸ ਦੇ ਪੈਸੇ ਦੀ ਦੁਰਵਰਤੋਂ ਹੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਸਰਕਾਰ ਨਹੀਂ ਚਾਹੁੰਦੀ ਸੀ ਕਿ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋਵੇ, ਜਿਸ ਦੇ ਚੱਲਦੇ ਕੋਰੋਨਾ ਦਾ ਬਹਾਨਾ ਬਣਾਇਆ ਗਿਆ ਹੈ। ਉਨ੍ਹਾਂ ਜਿੱਥੇ ਸਰਕਾਰੀ ਦੀ ਕੋਰੋਨਾ ਟੈਸਟਿੰਗ 'ਤੇ ਕਈ ਸ਼ੱਕੀ ਸਵਾਲ ਖੜ੍ਹੇ ਕੀਤੇ ਉੱਥੇ ਹੀ ਕੋਰੋਨਾ ਪਾਜ਼ਟਿਵ ਆਏ ਲੀਡਰਾਂ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਕਰਵਾਉਣ ਦੀ ਵੀ ਹਾਮੀ ਭਰੀ। ਉਨ੍ਹਾਂ ਅਕਾਲੀ ਦਲ ਦੀ ਗੈਰ-ਹਾਜ਼ਰੀ 'ਤੇ ਸਵਾਲ ਚੁੱਕਿਦਆਂ ਆਖਿਆ ਕਿ ਖੁਦ ਨੂੰ ਕਿਸਾਨ ਹਿਤੈਸ਼ੀ ਕਹਾਉਣ ਵਾਲਿਆਂ ਨੇ ਸਾਫ ਕਰ ਦਿੱਤਾ ਕਿ ਉਹ ਕੇਂਦਰ ਦੇ ਹੱਥਾਂ 'ਚ ਖੇਡ ਕੇ ਪੰਜਾਬ ਦੀ ਕਿਸਾਨੀ ਨੂੰ ਮਾਰਨਾ ਚਾਹੁੰਦੇ ਹਨ, ਇਸੇ ਕਰਕੇ ਅਕਾਲੀਆਂ ਨੇ ਕੋਰੋਨਾ ਦਾ ਬਹਾਨਾ ਬਣਾ ਲਿਆ। ਦਰਅਸਲ ਅਕਾਲੀ ਦਲ ਨੂੰ ਪਤਾ ਸੀ ਕਿ ਵਿਧਾਨ ਸਭਾ 'ਚ ਆਰਡੀਨੈਂਸ 'ਤੇ ਮਤਾ ਆਵੇਗਾ, ਇਸ ਲਈ ਉਹ ਇਜਲਾਸ 'ਚ ਨਹੀਂ ਆਏ ਜਦਕਿ ਅਕਾਲੀ ਦਲ ਦਿੱਲੀ ਜਾ ਕੇ ਇਸ ਕਿਸਾਨ ਵਿਰੋਧੀ ਆਰਡੀਨੈਂਸ ਦੇ ਹੱਕ 'ਚ ਗੱਲ ਕਰਦਾ ਹੈ ਅਤੇ ਪੰਜਾਬ 'ਚ ਇਸ ਦੇ ਵਿਰੋਧ 'ਚ ਖੜਦਾ ਹੈ, ਇਹੋ ਕਾਰਨ ਹੈ ਕਿ ਅਕਾਲੀ ਦਲ ਨੇ ਵਿਧਾਨ ਸਭਾ 'ਚ ਹਾਜ਼ਰੀ ਨਹੀਂ ਭਰੀ।

'ਆਪ' ਵਿਧਾਇਕਾ ਨੇ ਕਿਹਾ ਕਿ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਗੁੰਮਰਾਹ ਕਰਦਾ ਆ ਰਿਹਾ ਸੀ ਜਦਕਿ ਹੁਣ ਇਸ ਗੈਰ-ਹਾਜ਼ਰੀ ਨੇ ਬਾਦਲਾਂ ਦਾ ਸੱਚ ਸਾਰਿਆਂ ਦੇ ਸਾਹਮਣੇ ਲੈ ਆਉਂਦਾ ਹੈ। ਕੇਂਦਰ ਸਰਕਾਰ ਦੇ ਕਿਸਾਨੀ ਆਰਡੀਨੈਂਸ 'ਤੇ ਦਿੱਲੀ ਸਰਕਾਰ ਦੇ ਸਟੈਂਡ ਸੰਬੰਧੀ ਪੁੱਛੇ ਗਏ ਸਵਾਲ 'ਤੇ ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਸਟੈਂਡ ਪੰਜਾਬ 'ਚ ਹੈ, ਉਹੀ ਦਿੱਲੀ 'ਚ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਅਜੇ ਵਿਧਾਨ ਸਭਾ ਦਾ ਇਜਲਾਸ ਨਹੀਂ ਹੋਇਆ, ਉਥੇ ਵੀ ਇਜਲਾਸ ਦੌਰਾਨ ਇਸ ਆਰਡੀਨੈਂਸ ਖ਼ਿਲਾਫ਼ ਮਤਾ ਪਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਇਕ ਅਜਿਹਾ ਸੂਬਾ ਹੈ ਜਿਸ ਨੇ ਕਿਸਾਨ ਹੱਕਾਂ ਲਈ ਸਭ ਤੋਂ ਵੱਧ ਰੋਲ ਨਿਭਾਇਆ ਹੈ। ਭਵਿੱਖ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦੇ ਐਲਾਨ ਸੰਬੰਧੀ ਬੋਲਦਿਆਂ 'ਆਪ' ਆਗੂ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ 'ਤੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ 'ਚ ਪਹਿਲਾਂ ਇਸ ਬਾਬਤ ਗੱਲਬਾਤ ਹੋਵੇਗੀ ਅਤੇ ਪਾਰਟੀ ਹਾਈਕਮਾਨ ਨੇ ਫ਼ੈਸਲਾ ਲੈਣਾ ਹੈ ਕਿ ਇਹ ਜ਼ਿੰਮੇਵਾਰੀ ਕਿਸ ਨੇਤਾ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜਾ ਵੀ ਫ਼ੈਸਲਾ ਹਾਈਕਮਾਨ ਲਵੇਗਾ ਉਹ ਸਭ ਨੂੰ ਸਿਰ ਮੱਥੇ ਪ੍ਰਵਾਨ ਹੋਵੇਗਾ।

ਇਹ ਵੀ ਪੜ੍ਹੋ: ਸਿਹਰਾ ਬੰਨ੍ਹ 3 ਭੈਣਾਂ ਨੇ ਮੋਢਿਆਂ 'ਤੇ ਚੁੱਕੀ ਇਕੌਲਤੇ ਭਰਾ ਦੀ ਅਰਥੀ, ਵੇਖ ਭੁੱਬਾ ਮਾਰ ਰੋਇਆ ਪੂਰਾ ਪਿੰਡ (ਵੀਡੀਓ)

PunjabKesari

ਆਮ ਆਦਮੀ ਪਾਰਟੀ ਮੁੜ ਹੋਵੇਗੀ ਮਜ਼ਬੂਤ

ਪਾਰਟੀ ਦੇ ਭਵਿੱਖ ਅਤੇ ਸਮਰਥਕਾਂ ਦੇ ਖੁੱਸੇ ਹੋਏ ਵਿਸ਼ਵਾਸ 'ਤੇ ਗੱਲ ਕਰਦਿਆਂ ਉਹਨਾਂ ਜਵਾਬ ਦਿੱਤਾ ਕਿ ਸਿਆਸਤ 'ਚ ਉਤਰਾਅ-ਚੜਾਅ ਹੋਣੇ ਆਮ ਗੱਲ ਹਨ। ਅਸੀਂ ਸਿਆਸਤ ਕਰਨ ਨਹੀਂ ਸਗੋਂ ਗੰਦਲੀ ਸਿਆਸਤ ਨੂੰ ਬਦਲਣ ਆਏ ਹਾਂ। ਵਿਧਾਇਕਾ ਮੁਤਾਬਕ ਆਉਣ ਵਾਲਾ ਸਮਾਂ ਉਨ੍ਹਾਂ ਦੀ ਪਾਰਟੀ ਦਾ ਹੈ। ਉਹ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰਨਗੇ ਕਿ ਤਗੜੇ ਹੋ ਕਿ ਪਾਰਟੀ ਨੂੰ ਮੁੜ ਤੋਂ ਮਜਬੂਤ ਕੀਤਾ ਜਾਵੇ ਤਾਂ ਜੋ 2022 ਦਾ ਮੋਰਚਾ ਇਸ ਵਾਰ ਫਤਿਹ ਕਰ ਸਕੀਏ। ਭਗਵੰਤ ਮਾਨ ਦੀ ਬਤੌਰ ਪ੍ਰਧਾਨ ਦੀ ਕਾਰਗੁਜਾਰੀ ਬਾਰੇ ਬੋਲਦਿਆਂ ਬਲਜਿੰਦਰ ਕੌਰ ਨੇ ਕਿਹਾ ਕਿ ਮਾਨ ਸਾਡੇ ਸੀਨੀਅਰ ਅਤੇ ਮਿਹਨਤੀ ਲੀਡਰ ਹਨ। ਕੋਰੋਨਾ ਕਾਰਨ ਉਹ ਕੁਝ ਗਤੀਵਿਧੀਆਂ ਨਹੀਂ ਕਰ ਸਕੇ ਪਰ ਮੈਨੂੰ ਸੰਪੂਰਨ ਵਿਸ਼ਵਾਸ ਹੈ ਕਿ ਪਾਰਟੀ ਦੀ ਸਲਾਹ ਮੁਤਾਬਕ ਨਵਾਂ ਢਾਂਚਾ ਖੜ੍ਹਾ ਕਰਕੇ ਉਹ ਮੁੜ ਤੋਂ ਪਾਰਟੀ ਨੂੰ ਮਜ਼ਬੂਤ ਬਣਾਉਣਗੇ। ਮੇਰਾ ਮੰਨਣਾ ਹੈ ਕਿ ਅੱਜ ਵੀ ਪੰਜਾਬ ਦੇ ਲੋਕ ਕੈਪਟਨ ਦੇ ਝੂਠੇ ਵਾਅਦਿਆਂ ਅਤੇ ਅਕਾਲੀ ਦਲ ਦੀ ਦੋਹਰੀ ਨੀਤੀ ਤੋਂ ਅੱਕੇ ਹੋਏ ਹਨ, ਜੋ ਤੀਜੇ ਤੇ ਈਮਾਨਦਾਰ ਬਦਲ ਦੀ ਭਾਲ ਵਿੱਚ ਨੇ। ਪਰ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੂਰੇ ਦੇਸ਼ ਨੂੰ ਪ੍ਰਤੱਖ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ। ਸੋ 2022 ਵਿੱਚ ਵੀ ਅਸੀਂ ਦਿੱਲੀ ਦੀ ਦੀ ਸਰਕਾਰ ਦੇ ਕੀਤੇ ਕੰਮਾਂ ਦੇ ਹਵਾਲੇ ਨਾਲ ਅਤੇ ਪੰਜਾਬ ਸਰਕਾਰ ਖਿਲਾਫ ਚੁੱਕੇ ਮੁੱਦਿਆਂ 'ਤੇ ਲੋਕਾਂ ਦਾ ਭਰੋਸਾ ਜਰੂਰ ਜਿੱਤਾਂਗੇ।

ਇਹ ਵੀ ਪੜ੍ਹੋ: ਨਾਕੇ ਦੌਰਾਨ ASI 'ਤੇ ਚੜ੍ਹਾਈ ਕਾਰ, ਦੂਰ ਤੱਕ ਘੜੀਸਦਾ ਲੈ ਗਿਆ ਨੌਜਵਾਨ  (ਵੀਡੀਓ)
ਮਹਿੰਗਾ ਪੈ ਗਿਆ ਕੈਪਟਨ ਨਾਲ ਲੰਚ
ਬਲਜਿੰਦਰ ਕੌਰ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਸਾਡੇ ਮੁੱਖ ਮੰਤਰੀ ਨਾਲ ਖਾਧੇ ਖਾਣੇ ਨੂੰ ਵੀ ਗੁਨਾਹ ਵਾਂਗ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਮੁਲਾਕਾਤ ਨਾ ਤਾਂ ਸਿਆਸੀ ਸੀ ਅਤੇ ਨਾ ਹੀ ਇਸ ਦੌਰਾਨ ਕਿਸੇ ਸਿਆਸੀ ਮਸਲੇ 'ਤੇ ਗੱਲਬਾਤ ਹੋਈ। ਉਹ ਮੁਲਾਕਾਤ ਮੇਰੇ ਵਿਆਹ ਤੋਂ ਤੁਰੰਤ ਬਾਅਦ ਸਿਰਫ ਇਕ ਸ਼ਿਸ਼ਟਾਚਾਰ ਮਿਲਣੀ ਸੀ। ਮੈਂ ਮੁੱਖ ਮੰਤਰੀ ਦੇ ਸੱਦੇ 'ਤੇ ਬਤੌਰ ਵਿਧਾਇਕ ਖਾਣੇ 'ਤੇ ਗਈ ਸੀ, ਜੋ ਹਾਊਸ ਦੀ ਮਰਿਆਦਾ ਮੁਤਾਬਕ ਜਾਣਾ ਵੀ ਬਣਦਾ ਸੀ। ਜਦਕਿ ਇਹ ਸਾਡਾ ਕੋਈ ਨਿੱਜੀ ਸੰਬੰਧ ਜਾਂ ਕੋਈ ਤੈਅਸ਼ੁਦਾ ਮੀਟਿੰਗ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਏਜੰਡਿਆਂ ਦੀ ਗੱਲ ਆਵੇਗੀ ਤਾਂ ਉਹ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੀ ਨਜ਼ਰ ਆਵੇਗੀ। ਉਨ੍ਹਾਂ ਕਿਹਾ ਕਿ ਲੋਕ ਅਤੇ ਪੰਜਾਬ ਦੇ ਮੁੱਦਿਆਂ 'ਤੇ ਸਾਡੀ ਕਿਸੇ ਲੀਡਰ ਨਾਲ ਕੋਈ ਸਾਂਝ ਨਹੀਂ ਹੈ।
ਇਹ ਵੀ ਪੜ੍ਹੋ:  ਸ਼ਰਾਬ ਦੇ ਪੈਸੇ ਨਾ ਦੇਣੇ ਨੌਜਵਾਨ ਨੂੰ ਪਏ ਮਹਿੰਗੇ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦਿੱਤੀ ਭਿਆਨਕ ਮੌਤ

PunjabKesari

ਸਿੱਧੂ ਦੇ ਆਉਣ ਦੀਆਂ ਸਿਰਫ ਅਫਵਾਹਾਂ
ਨਵਜੋਤ ਸਿੱਧੂ ਸੰਬੰਧੀ ਪੁੱਛੇ ਸਵਾਲ 'ਤੇ ਬਲਜਿੰਦਰ ਕੌਰ ਨੇ ਕਿਹਾ ਜਿਹੜੀਆਂ ਚਰਚਾਵਾਂ 2017 'ਚ ਚੱਲੀਆਂ ਸਨ, ਉਹੀ ਹੁਣ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ 'ਚ ਕੁਝ ਸੱਚਾਈ ਹੁੰਦੀ ਤਾਂ ਹੁਣ ਤਕ ਸਾਹਮਣੇ ਆ ਜਾਣੀ ਸੀ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵਧੀਆ ਨੇਤਾ ਹੋਣ ਦੇ ਨਾਲ-ਨਾਲ ਇਕ ਵਧੀਆ ਇਨਸਾਨ ਵੀ ਹਨ ਅਤੇ ਬਾਖੂਬੀ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਮਹਿਜ਼ ਅਫਵਾਹਾਂ ਹਨ। ਬਾਗੀ ਲੀਡਰਾਂ ਦੀ ਵਾਪਸੀ 'ਤੇ ਬਲਜਿੰਦਰ ਕੌਰ ਨੇ ਕਿਹਾ ਕਿ ਜਿਹੜਾ ਨੇਤਾ ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਨਾ ਚਾਹੁੰਦਾ ਹੈ, ਉਸ ਲਈ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।

ਖ਼ਾਲਿਸਤਾਨ ਦੇ ਮੁੱਦੇ ਨਹੀਂ ਕਰਨੀ ਚਾਹੀਦੀ ਗੱਲ
ਖ਼ਾਲਿਸਤਾਨ ਦੇ ਮੁੱਦੇ 'ਤੇ ਸਟੈਂਡ ਸਪੱਸ਼ਟ ਕਰਨ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਬਲਜਿੰਦਰ ਕੌਰ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਰੋਜ਼ਗਾਰ ਮੰਗਦੇ ਹਨ, ਰੋਟੀ ਚਾਹੁੰਦੇ ਹਨ, ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸਾਡੀਆਂ ਸਿਹਤ ਸਹੂਲਤਾਵਾਂ ਚੰਗੀਆਂ ਹੋਣ। ਮਾਪੇ ਚਾਹੁੰਦੇ ਹਨ ਬੱਚਿਆਂ ਦੇ ਸਕੂਲ ਵਧੀਆ ਹੋਣ। ਉਨ੍ਹਾਂ ਕਿਹਾ ਕਿ ਜਿਹੜੇ ਮਸਲੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਜਿਸ ਨਾਲ ਬਵਾਲ ਮਚੇ ਉਸ ਮਸਲੇ 'ਤੇ ਗੱਲ ਕਰਨੀ ਹੀ ਨਹੀਂ ਚਾਹੀਦੀ। ਉਨ੍ਹਾਂ ਕਿਹਾ ਕਿ ਨਾ ਕਿ ਬਾਕੀ ਮਸਲਿਆਂ ਵੱਲ ਧਿਆਨ ਦੇਣ ਦੀ ਬਜਾਏ ਇਸ ਵੱਲ ਧਿਆਨ ਦਿੱਤਾ ਜਾਵੇ ਕਿ ਪੰਜਾਬ ਨੂੰ ਕਿਸ ਤਰ੍ਹਾਂ ਹੋਰ ਵਧੀਆ ਬਣਾਇਆ ਜਾਵੇ।
ਇਹ ਵੀ ਪੜ੍ਹੋ: ਤਾਲਾਬੰਦੀ ਨੇ ਉਜਾੜਿਆ ਪਰਿਵਾਰ, ਕੰਮ ਨਾ ਮਿਲਣ 'ਤੇ ਨੌਜਵਾਨ ਨੇ ਚੁੱਕਿਆ ਹੈਰਾਨ ਕਰਦਾ ਕਦਮ


author

shivani attri

Content Editor

Related News