ਬੇਅਦਬੀ ਮਾਮਲੇ ’ਤੇ ਬਲਜੀਤ ਸਿੰਘ ਦਾਦੂਵਾਲ ਦੀ ਸਰਕਾਰ ਨੂੰ ਮੁੜ ਸੰਘਰਸ਼ ਵਿੱਢਣ ਦੀ ਚਿਤਾਵਨੀ
Thursday, Apr 29, 2021 - 10:59 AM (IST)
ਜਲੰਧਰ (ਰਮਨਦੀਪ ਸੋਢੀ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਪੰਜਾਬ ਦਾ ਸਭ ਤੋਂ ਭੱਖਵਾਂ ਮਸਲਾ ਹੈ। ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਵਾਅਦੇ ਨਾਲ ਸੱਤਾ ’ਚ ਆਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਲੋਕਾਂ ਨੂੰ ਇਨਸਾਫ਼ ਦੀ ਉਮੀਦ ਸੀ ਪਰ ਫਿਲਹਾਲ ਐੱਸ. ਆਈ. ਟੀ. ’ਤੇ ਆਏ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਨੇ ਪੰਥਕ ਸਫਾਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਬੇਅਦਬੀ ਦੇ ਦੋਸ਼ੀਆਂ ਨੂੰ ਕਟਹਿਰੇ ’ਚ ਖੜ੍ਹਾ ਕਰਨ ਦੀ ਮੰਗ ਕਰਦਿਆਂ ਸਿੱਖ ਆਗੂਆਂ ਵੱਲੋਂ ਲੰਮਾ ਸਮਾਂ ਚੱਲੇ ਬਰਗਾੜੀ ਮੋਰਚੇ ਦਾ ਅੰਤ ਵੀ ਇਨਸਾਫ਼ ਦੀ ਉਮੀਦ ਨਾਲ ਹੋਇਆ ਸੀ। ਇਸ ਮਸਲੇ ’ਤੇ ਜਿੱਥੇ ਹੁਣ ਪੰਜਾਬ ਸਰਕਾਰ ਨੂੰ ਤਿੱਖੀ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਉਥੇ ਹੀ ਬਰਗਾੜੀ ਮੋਰਚੇ ਦੇ ਮੋਹਰੀ ਆਗੂ ਰਹੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੈਪਟਨ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਜਲਦ ਹੀ ਕੋਈ ਕਾਰਵਾਈ ਨਾ ਹੋਈ ਤਾਂ ਉਹ ਮੁੜ ਤੋਂ ਮੋਰਚਾ ਲਾਉਣ ਲਈ ਮਜ਼ਬੂਰ ਹੋਣਗੇ। ‘ਜਗ ਬਾਣੀ’ ਟੀ. ਵੀ. ਨਾਲ ਗੱਲਬਾਤ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕੈਪਟਨ ਤੇ ਬਾਦਲ ਦੋਵੇਂ ਮੈਚ ਫਿਕਸਿੰਗ ਕਰੀ ਬੈਠੇ ਹਨ, ਇਸੇ ਕਰਕੇ ਕੈਪਟਨ ਦੀ ਸਰਕਾਰ ਵੇਲੇ ਬਾਦਲਾਂ ਨੂੰ ਬਚਾਇਆ ਜਾਂਦਾ ਹੈ ਅਤੇ ਬਾਦਲਾਂ ਦੀ ਸਰਕਾਰ ਵੇਲੇ ਕੈਪਟਨ ’ਤੇ ਕੋਈ ਉਂਗਲ ਨਹੀਂ ਚੁੱਕ ਸਕਦਾ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਤੇ ਕੈਪਟਨ ਖ਼ਿਲਾਫ਼ ਵਿਧਾਇਕ ਪਰਗਟ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ
ਦਾਦੂਵਾਲ ਨੇ ਕਿਹਾ ਕਿ 2017 ’ਚ ਸਰਕਾਰ ਬਣਾਉਣ ਤੋਂ ਪਹਿਲਾਂ ਕੈਪਟਨ ਨੇ ਕਿਹਾ ਸੀ ਕਿ ਬਰਗਾੜੀ ਬੇਅਦਬੀ ਦੀਆਂ ਪੈੜਾਂ ਬਾਦਲਾਂ ਦੇ ਘਰਾਂ ਵੱਲ ਨੂੰ ਜਾਂਦੀਆਂ ਪਰ ਹੁਣ ਸਾਰਾ ਜ਼ੋਰ ਉਨ੍ਹਾਂ ਨੂੰ ਬਚਾਉਣ ’ਤੇ ਲਗਾ ਦਿੱਤਾ। ਇਸ ਕਰਕੇ ਬਾਦਲਾਂ ਨੂੰ ਬਚਾ ਰਹੇ ਕੈਪਟਨ ਤੋਂ ਇਨਸਾਫ਼ ਦੀ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ। ਕੈਪਟਨ ਨੇ ਬੇਅਦਬੀ ਮਾਮਲੇ ’ਚ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਸਿੱਖ ਸੰਗਤਾਂ ਨੂੰ ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ, ਜਿਸ ਕਰਕੇ ਕੈਪਟਨ ਨੂੰ ਅਲਟੀਮੇਟਮ ਦਿੰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਹੁਣ ਜੇਕਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਖ ਸੰਗਤਾਂ ਭਾਰੀ ਰੋਸ ਵਜੋਂ ਮੁੜ ਤੋਂ ਮੋਰਚਾ ਲਾਉਣ ਲਈ ਮਜ਼ਬੂਰ ਹੋਣਗੀਆਂ। ਬੇਅਦਬੀ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਅਗਲੇ ਕਦਮ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਇਨਸਾਫ਼ ਮੋਰਚੇ ਦੀਆਂ ਸਮਰਥਕ ਜਥੇਬੰਦੀਆਂ ਮੇਰੇ ਸੰਪਰਕ ’ਚ ਹਨ। ਉਹ ਸਰਕਾਰ ਦੇ ਘਿਰਾਓ ਸਮੇਂ ਮੇਰੇ ਨਾਲ ਹੀ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਚੰਡੀਗੜ੍ਹ 'ਚ ਵਧਿਆ 'ਨਾਈਟ ਕਰਫ਼ਿਊ' ਦਾ ਸਮਾਂ
ਕੈਪਟਨ ਨੂੰ ਚਿਤਾਵਨੀ ਹੈ ਕਿ ਬੇਅਦਬੀ ਮਾਮਲੇ ’ਚ ਇਨਸਾਫ਼ ਦਿੱਤਾ ਜਾਵੇ ਅਤੇ ਸੱਚ ਸਾਹਮਣੇ ਲਿਆਂਦਾ ਜਾਵੇ, ਨਹੀਂ ਤਾਂ ਅਗਲੇ ਪ੍ਰੋਗਰਾਮ ਸਬੰਧੀ ਸਾਰਿਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਬਹੁਤ ਵੱਡਾ ਸੰਘਰਸ਼ ਇਸ ਰੋਸ ’ਚੋਂ ਉੱਠ ਸਕਦਾ ਹੈ। ਪਹਿਲਾਂ ਵਾਲੇ ਮੋਰਚੇ ਸਬੰਧੀ ਪੁੱਛੇ ਇਕ ਸਵਾਲ ਕਿ ਲੋਕਾਂ ’ਚ ਇਸ ਬਾਬਤ ਕਾਫ਼ੀ ਨਿਰਾਸ਼ਾ ਪਾਈ ਜਾਂਦੀ ਹੈ ਕਿ ਇਸ ਦਾ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਤਾਂ ਜਵਾਬ ’ਚ ਦਾਦੂਵਾਲ ਨੇ ਕਿਹਾ ਕਿ ਮੋਰਚੇ ’ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਜਥੇਬੰਦੀਆਂ ਨੇ ਕੋਈ ਬੇਅਦਬੀ ਤਾਂ ਨਹੀਂ ਕੀਤੀ ਤੇ ਨਾ ਹੀ ਬੇਅਦਬੀ ਕਰਨ ਵਾਲਿਆਂ ਨਾਲ ਰਲੇ। ਉਨ੍ਹਾਂ ਕਿਹਾ ਕਿ ਅਸੀਂ ਤਾਂ ਬੇਅਦਬੀ ਦਾ ਇਨਸਾਫ਼ ਕੈਪਟਨ ਅਤੇ ਬਾਦਲ ਦੋਵਾਂ ਕੋਲੋਂ ਮੰਗਿਆ ਹੈ।
ਇਹ ਵੀ ਪੜ੍ਹੋ : ‘ਕੋਰੋਨਾ’ ਬਣਿਆ ਆਫ਼ਤ, ਜਲੰਧਰ ਜ਼ਿਲ੍ਹੇ ’ਚ ਮਰੀਜ਼ਾਂ ਲਈ ਖ਼ੂਨ ਦੀ ਕਮੀ ਆਉਣੀ ਹੋਈ ਸ਼ੁਰੂ
ਡੇਰਾ ਬਿਆਸ ਮੁਖੀ ਨਾਲ ਦੋਸਤੀ ਦੀ ਦੱਸੀ ਕਹਾਣੀ
ਪਿਛਲੇ ਦਿਨੀਂ ਡੇਰਾ ਬਿਆਸ ਮੁਖੀ ਵੱਲੋਂ ਜਥੇਦਾਰ ਦਾਦੂਵਾਲ ਨਾਲ ਮੁਲਾਕਾਤ ਨੇ ਦੋਵਾਂ ਦੀ ਦੋਸਤੀ ਦੀਆਂ ਚਰਚਾਵਾਂ ਨੂੰ ਮੁੜ ਛੇੜਿਆ ਤਾਂ ਇਸ ਬਾਬਤ ਪੁੱਛੇ ਸਵਾਲ ਦਾ ਉੱਤਰ ਦਿੰਦਿਆਂ ਦਾਦੂਵਾਲ ਨੇ ਕਿਹਾ ਕਿ ਅਸੀਂ ਤਾਂ ਟਕਰਾਅ ’ਚ ਮਿਲੇ ਸੀ। ਗੁਰਦੁਆਰਾ ਸਾਹਿਬ ਦੇ ਮਸਲੇ ’ਤੇ ਟਕਰਾਅ ਸੀ। ਬੇਸ਼ੱਕ ਜਿਸ ਜਗ੍ਹਾ ਦਾ ਮਸਲਾ ਸੀ ਉਸ ਥਾਂ ਦੇ ਸਬੰਧਤ ਧਿਰਾਂ ਪੈਸੇ ਵੀ ਲੈ ਗਈਆਂ ਸਨ ਪਰ ਅਸੀਂ ਫਿਰ ਵੀ ਇਸ ਗੱਲ ’ਤੇ ਅੜੇ ਰਹੇ ਕਿ ਉਥੇ ਗੁਰਦੁਆਰਾ ਸਾਹਿਬ ਬਣਾਇਆ ਜਾਵੇ ਅਤੇ ਸਾਡੀ ਇਹ ਮੰਗ ਪੂਰੀ ਵੀ ਹੋਈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਸਾਡੇ ਰੱਲ ਬੈਠਣ ਨਾਲ ਪੰਥ ਦਾ ਕੋਈ ਭਲਾ ਹੁੰਦਾ ਤਾਂ ਇਸ ’ਚ ਕੁਝ ਵੀ ਮਾੜਾ ਨਹੀਂ। ਅੱਜ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਡੇਰਾ ਪ੍ਰੇਮੀ ਗੁਰੂਘਰਾਂ ਵਿਚ ਜਾਂਦੇ ਹਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਹਨ। ਜਦੋਂ ਦਾ ਸਾਡਾ ਆਪਸ ਵਿਚ ਮਿਲਵਰਤਣ ਵਧਿਆ ਹੈ ਉਦੋਂ ਤੋਂ ਡੇਰਾ ਬਿਆਸ ਪ੍ਰੇਮੀਆਂ ਦਾ ਗੁਰੂ ਘਰਾਂ ਵੱਲ ਝੁਕਾਅ ਵਧਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਵਜ੍ਹਾ
ਆਰ. ਐੱਸ. ਐੱਸ. ਨੂੰ ਆਪਣਾ ਪ੍ਰਚਾਰ ਕਰਨ ਦਾ ਹੈ ਅਧਿਕਾਰ
ਪਿਛਲੇ ਦਿਨੀਂ ਅਕਾਲ ਤਖਤ ਸਾਹਿਬ ਵੱਲੋਂ ਆਰ. ਐੱਸ. ਐੱਸ. ਦੇ ਵਿਰੋਧ ’ਚ ਪਾਸ ਕੀਤੇ ਮਤੇ ਕਿ ਇਹ ਘੱਟ ਗਿਣਤੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਦੇ ਸਬੰਧ ਚ ਪੁੱਛੇ ਸਵਾਲ ਦੇ ਜਵਾਬ ਵਿਚ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਹਰ ਧਰਮ ਦੀਆਂ ਜਥੇਬੰਦੀਆਂ ਨੂੰ ਆਪਣਾ ਪ੍ਰਚਾਰ ਕਰਨ ਦਾ ਪੂਰਾ ਹੱਕ ਹੈ। ਜੇਕਰ ਅਸੀਂ ਸਿੱਖ ਧਰਮ ਦਾ ਪ੍ਰਚਾਰ ਕਰਦੇ ਹਾਂ ਤਾਂ ਉਨ੍ਹਾਂ ਨੂੰ ਵੀ ਹੱਕ ਹੈ ਪਰ ਸਾਨੂੰ ਇਹ ਮਨਜ਼ੂਰ ਨਹੀਂ ਕਿ ਕੋਈ ਸਾਡੇ ਧਰਮ ਵਿਚ ਦਖ਼ਲਅੰਦਾਜ਼ੀ ਕਰੇ।
ਦਾਦੂਵਾਲ ਨੇ ਕਿਹਾ ਕਿ ਇਹ ਬੇਵਜ੍ਹਾ ਰੌਲਾ ਪਾਇਆ ਜਾ ਰਿਹਾ ਹੈ ਕਿ ਸਾਨੂੰ ਆਰ. ਐੱਸ. ਐੱਸ. ਤੋਂ ਖ਼ਤਰਾ ਹੈ ਪਰ ਅਸਲੀਅਤ ਵਿਚ ਅਜਿਹਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ’ਤੇ ਵਿਅੰਗ ਕਰਦਿਆਂ ਜਥੇਦਾਰ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀ ਬੀਜੇਪੀ ਨਾਲ ਸਾਂਝ ਸੀ ਤਾਂ ਆਰ. ਐੱਸ. ਐੱਸ. ਖ਼ਿਲਾਫ਼ ਕੋਈ ਸ਼ਬਦ ਨਹੀਂ ਬੋਲਿਆ ਜਾਂਦਾ ਸੀ ਪਰ ਅੱਜ ਸਿਆਸੀ ਗਠਜੋੜ ਟੁੱਟਣ ਮਗਰੋਂ ਆਰ. ਐੱਸ. ਐੱਸ. ਤੋਂ ਖ਼ਤਰਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਲੋਕਤੰਤਰ ਦੀ ਇਹੋ ਖੂਬਸੂਰਤੀ ਹੈ ਕਿ ਇਸ ਵਿਚ ਹਰ ਧਰਮ ਦੀਆਂ ਸੰਸਥਾਵਾਂ ਨੂੰ ਆਪਣਾ ਪ੍ਰਚਾਰ ਕਰਨ ਦਾ ਪੂਰਾ ਅਧਿਕਾਰ ਹੈ।
ਇਹ ਵੀ ਪੜ੍ਹੋ : ਚੰਗੀ ਖ਼ਬਰ: ਪੰਜਾਬ ’ਚ ਘਰੇਲੂ ਇਕਾਂਤਵਾਸ ਦੌਰਾਨ ਠੀਕ ਹੋਏ 98 ਫ਼ੀਸਦੀ ਕੋਰੋਨਾ ਪੀੜਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?