ਪੰਜਾਬ 'ਚ 20 ਅਗਸਤ ਤੋਂ ਸ਼ੁਰੂ ਹੋਵੇਗੀ 'ਆਯੁਸ਼ਮਾਨ ਭਾਰਤ ਯੋਜਨਾ': ਬਲਬੀਰ ਸਿੱਧੂ

08/10/2019 10:51:26 AM

ਜਲੰਧਰ (ਮੋਹਨ)— ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਨੂੰ ਦਵਾਈ ਦੇਣੀ ਡਾਕਟਰਾਂ ਦੀ ਜ਼ਿੰਮੇਵਾਰੀ ਹੋ ਸਕਦੀ ਹੈ। ਇਸ ਲਈ ਭਾਵੇਂ ਡਾਕਟਰ ਦਵਾਈ ਕੈਮਿਸਟ ਤੋਂ ਖਰੀਦ ਕੇ ਹੀ ਕਿਉਂ ਨਾ ਲਿਆਉਣ ਪਰ ਮਰੀਜ਼ਾਂ ਨੂੰ ਦਵਾਈ ਨਹੀਂ ਖਰੀਦਣੀ ਪਵੇਗੀ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਇਸ ਪ੍ਰਾਜੈਕਟ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਅਨੁਸਾਰ ਜੇਕਰ ਮਰੀਜ਼ ਨੂੰ ਕਦੇ ਕੋਈ ਦਵਾਈ ਮਜਬੂਰੀਵੱਸ ਖਰੀਦਣੀ ਵੀ ਪੈ ਜਾਵੇ ਤਾਂ ਅਜਿਹੀਆਂ ਦਵਾਈਆਂ ਹਸਪਤਾਲਾਂ 'ਚ ਹੀ ਖੁੱਲ੍ਹਣ ਜਾ ਰਹੇ ਜਨ-ਔਸ਼ਧੀ ਕੇਂਦਰਾਂ ਤੋਂ ਖਰੀਦੀਆਂ ਜਾ ਸਕਣਗੀਆਂ ਜਾਂ ਜਿੱਥੇ ਦਵਾਈਆਂ ਬਾਹਰ ਨਾਲੋਂ 70 ਫੀਸਦੀ ਘੱਟ ਸਸਤੀਆਂ ਹੋਣਗੀਆਂ। ਸਰਕਾਰ ਦੀ ਇਸ ਤਜਵੀਜ਼ ਨਾਲ ਸੂਬੇ ਭਰ 'ਚ ਖੁੱਲ੍ਹੇ ਬੇਸ਼ੁਮਾਰ ਕੈਮਿਸਟ ਸ਼ਾਪਸ 'ਤੇ ਤਾਲੇ ਲੱਗ ਸਕਦੇ ਹਨ। ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ 'ਚ ਆਯੁਸ਼ਮਾਨ ਭਾਰਤ ਯੋਜਨਾ 20 ਅਗਸਤ ਨੂੰ ਸ਼ੁਰੂ ਕੀਤੀ ਜਾ ਰਹੀ ਹੈ।

ਇਕ ਗੱਲਬਾਤ ਦੌਰਾਨ ਸਿਹਤ ਮੰਤਰੀ ਸਿੱਧੂ ਨੇ ਦੱਸਿਆ ਕਿ ਇਸ ਯੋਜਨਾ 'ਚ ਸੂਬੇ ਦੇ ਲੱਖਾਂ ਪਰਿਵਾਰ ਜੁੜੇ ਹੋਏ ਹਨ ਅਤੇ ਹੋਰਨਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਸਾਰੇ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਹਲਕੇ 'ਚ ਲੋੜਵੰਦਾਂ ਦੇ ਕਾਰਡ ਬਣਵਾਉਣ। ਇਸ ਯੋਜਨਾ 'ਚ ਸੂਬੇ ਦੇ ਸਰਕਾਰੀ ਅਤੇ ਨਿੱਜੀ 311 ਹਸਪਤਾਲਾਂ ਨੂੰ ਇਨਪੈਨਲਮੈਂਟ ਕੀਤਾ ਗਿਆ ਹੈ ਅਤੇ ਕਿਸੇ ਮਰੀਜ਼ ਨੂੰ ਦਵਾਈ ਲਈ ਆਪਣੀ ਜੇਬ 'ਚੋਂ ਕੋਈ ਰਕਮ ਖਰਚ ਨਹੀਂ ਕਰਨੀ ਪਵੇਗੀ। ਇਸ ਲਈ ਆਯੁਸ਼ਮਾਨ ਭਾਰਤ ਯੋਜਨਾ ਨਾਲ ਸਬੰਧਤ ਬੀਮਾ ਕੰਪਨੀ ਦਾ ਹਸਪਤਾਲ ਨਾਲ ਬਰਾਬਰ ਸੰਪਰਕ ਰਹੇਗਾ ਅਤੇ ਦਵਾਈ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਕੰਪਨੀ ਦੀ ਹੋਵੇਗੀ ਅਤੇ ਕੰਪਨੀ ਹੀ ਬਾਹਰੋਂ ਲਿਆਂਦੀ ਜਾਣ ਵਾਲੀ ਦਵਾਈ ਦੀ ਰਕਮ ਅਦਾ ਕਰੇਗੀ। ਬਸ ਇਸ ਲਈ ਮਰੀਜ਼ ਹੱਥ ਦੇ ਅੰਗੂਠੇ ਦੇ ਨਿਸ਼ਾਨ ਨਾਲ ਆਪਣਾ ਇਲਾਜ ਕਰਵਾ ਸਕੇਗਾ।


shivani attri

Content Editor

Related News