ਭਾਜਪਾ ED ਤੇ CBI ਵਰਗੀਆਂ ਏਜੰਸੀਆਂ ਦੀ ਕਰ ਹੀ ਦੁਰਵਰਤੋਂ : ਬਲਬੀਰ ਸਿੱਧੂ
Tuesday, Mar 11, 2025 - 05:32 PM (IST)

ਚੰਡੀਗੜ੍ਹ : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਕਾਂਗਰਸ ਆਗੂ ਬਲਬੀਰ ਸਿੰਘ ਸਿੱਧੂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਈ. ਡੀ. , ਸੀ. ਬੀ. ਆਈ. ਅਤੇ ਆਈ. ਟੀ. ਵਿਭਾਗ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਨ ਲਈ ਸਖ਼ਤ ਆਲੋਚਨਾ ਕੀਤੀ। ਨਰਿੰਦਰ ਮੋਦੀ ਸਰਕਾਰ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਭੁਪੇਸ਼ ਬਘੇਲ ਜੀ ਦੇ ਘਰ 'ਤੇ ਈ. ਡੀ. ਦੇ ਛਾਪੇ ਭਾਜਪਾ ਦੇ ਤਾਨਾਸ਼ਾਹੀ ਰਵੱਈਏ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦੇ ਹਨ, ਪਰ ਭੁਪੇਸ਼ ਬਘੇਲ ਜੀ ਇੱਕ ਮਜ਼ਬੂਤ ਕਾਂਗਰਸੀ ਨੇਤਾ ਰਹੇ ਹਨ, ਜਿਨ੍ਹਾਂ ਨੇ ਪਹਿਲਾਂ ਵੀ ਅਜਿਹੀਆਂ ਲੜਾਈਆਂ ਲੜੀਆਂ ਹਨ। ਕਾਂਗਰਸ ਪਾਰਟੀ ਅਤੇ ਛੱਤੀਸਗੜ੍ਹ ਦੇ ਲੋਕ ਉਨ੍ਹਾਂ ਦੇ ਨਾਲ ਹਮੇਸ਼ਾ ਤੋਂ ਖੜ੍ਹੇ ਸੀ ਅਤੇ ਖੜ੍ਹੇ ਰਹਾਂਗੇ।
ਕੇਂਦਰ ਸਰਕਾਰ ਦੇ ਤਾਨਾਸ਼ਾਹੀ ਵਿਵਹਾਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਭਾਜਪਾ ਕਦੇ ਵੀ ਪੰਜਾਬ 'ਚ ਪੈਰ ਨਹੀਂ ਜਮਾ ਸਕਦੀ, ਇਸੇ ਲਈ ਉਹ ਕਾਂਗਰਸ ਨੂੰ ਰੋਕਣ ਅਤੇ ਸਾਡੇ ਆਗੂਆਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਹਰ ਚਾਲ ਵਰਤ ਰਹੇ ਰਹੀ ਹੈ। ਈ. ਡੀ. ਦੇ ਛਾਪਿਆਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਭੁਪੇਸ਼ ਬਘੇਲ ਦੀ ਪੰਜਾਬ ਫੇਰੀ ਤੋਂ ਤੁਰੰਤ ਬਾਅਦ ਉਨ੍ਹਾਂ 'ਤੇ ਕਈ ਛਾਪੇਮਾਰੀ ਭਾਜਪਾ ਦੀ ਪੰਜਾਬ ਦੇ ਆਗੂਆਂ ਦੀ ਸਦਭਾਵਨਾ ਨੂੰ ਖ਼ਰਾਬ ਕਰਨ ਦੀ ਨਿਰਾਸ਼ਾ ਨੂੰ ਬੇਨਕਾਬ ਕਰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਕਾਂਗਰਸ ਨੂੰ ਦੇਸ਼ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੇ। ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਟਿੱਪਣੀ ਕੀਤੀ ਕਿ ਡਿਗਦੇ ਰੁਪਏ, ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੇ ਵੱਡੇ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ, ਭਾਜਪਾ ਵਿਰੋਧੀ ਆਗੂਆਂ ਨੂੰ ਅਪਮਾਨਿਤ ਕਰਨ 'ਤੇ ਕੇਂਦਰਿਤ ਹੈ। ਸਿੱਧੂ ਨੇ ਅੱਗੇ ਕਿਹਾ ਕਿ ਭੁਪੇਸ਼ ਬਘੇਲ ਜੀ ਦੇ ਘਰ 'ਤੇ ਈ. ਡੀ. ਦਾ ਛਾਪਾ ਸਿਰਫ਼ ਸੁਰਖੀਆਂ ਬਦਲਣ ਅਤੇ ਲੋਕਾਂ ਦਾ ਧਿਆਨ ਟੈਰਿਫ, ਡਿੱਗਦੀ ਆਰਥਿਕਤਾ ਅਤੇ ਵੋਟਰ ਸੂਚੀ ਦੀ ਧੋਖਾਧੜੀ ਵਰਗੇ ਮਹੱਤਵਪੂਰਨ ਮੁੱਦਿਆਂ ਤੋਂ ਹਟਾਉਣ ਲਈ ਪਹਿਲਾਂ ਤੋਂ ਇੱਕ ਯੋਜਨਾਬੱਧ ਰਣਨੀਤੀ ਸੀ।