''ਆਪ'' ਦੇ ਆਕਸੀਮੀਟਰਾਂ ''ਤੇ ਸਿਹਤ ਮੰਤਰੀ ਦੀ ਵੱਡੀ ਚਿਤਾਵਨੀ, ਲੋਕਾਂ ਨੂੰ ਕੀਤਾ ਸੁਚੇਤ
Wednesday, Sep 09, 2020 - 07:32 AM (IST)
ਚੰਡੀਗੜ੍ਹ : ਪੰਜਾਬ 'ਚ ਆਕਸਮੀਟਰਾਂ ਨੂੰ ਵਰਤਣ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਐਲਾਨ ਨੂੰ ਸਿਆਸੀ ਚਾਲ ਕਰਾਰ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਵੱਡੀ ਚਿਤਾਵਨੀ ਦਿੱਤੀ ਹੈ ਕਿ ਕਈ ਵਿਅਕਤੀਆਂ ਵੱਲੋਂ ਸੈਨੀਟਾਈਜ਼ ਕੀਤੇ ਬਗ਼ੈਰ ਆਕਸੀਮੀਟਰਾਂ ਨੂੰ ਵਾਰ-ਵਾਰ ਵਰਤਣ ਨਾਲ ਵੱਡੇ ਪੱਧਰ ’ਤੇ ਕੋਵਿਡ ਦੇ ਕਮਿਊਨਿਟੀ ਸਪਰੈੱਡ ਦਾ ਖ਼ਤਰਾ ਹੋ ਸਕਦਾ ਹੈ, ਜੋ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਸੰਭਾਵਿਤ ਯੋਜਨਾ ਹੋ ਸਕਦੀ ਹੈ।
ਪੰਜਾਬ ਦੇ ਪਿੰਡਾਂ 'ਚ ‘ਆਪ’ ਵਲੋਂ ਕੀਤੇ ਸਿਆਸੀ ਢੋਂਗ ਦੀ ਨਿੰਦਾ ਕਰਦਿਆਂ ਸਿੱਧੂ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਪਾਰਟੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਗੁੰਮਰਾਹ ਕਰ ਰਹੀ ਹੈ, ਜਿਸ ਤਰ੍ਹਾਂ ਉਨ੍ਹਾਂ ਨੇ ਦਿੱਲੀ 'ਚ ਕੀਤਾ ਸੀ, ਜਿੱਥੇ ਕੋਵਿਡ ਦੀ ਸਥਿਤੀ ਬਹੁਤ ਗੰਭੀਰ ਹੈ ਕਿਉਂ ਜੋ ਦੇਸ਼ 'ਚ ਕੋਵਿਡ ਨਾਲ ਸਭ ਤੋਂ ਵੱਧ ਪ੍ਰਭਾਵਿਤ 35 ਜ਼ਿਲ੍ਹਿਆਂ 'ਚ ਰਾਜਧਾਨੀ ਦਿੱਲੀ ਦੇ ਸਾਰੇ 11 ਜ਼ਿਲ੍ਹੇ ਸ਼ਾਮਲ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਆਕਸੀਮੀਟਰ ਨੂੰ ਸੈਨੀਟਾਈਜ਼ ਕੀਤੇ ਬਗੈਰ ਇਕ ਤੋਂ ਵੱਧ ਵਿਅਕਤੀਆਂ ਵੱਲੋਂ ਵਰਤੇ ਜਾਣ ਨਾਲ ਕੋਵਿਡ-19 ਵੱਡੇ ਪੱਧਰ ’ਤੇ ਫੈਲ ਸਕਦਾ ਹੈ।
ਇਹ ਵੀ ਪੜ੍ਹੋ : ਹੁਣ ਬਾਦਲਾਂ ਦੇ ਗੜ੍ਹ 'ਚ ਲਹਿਰਾਇਆ 'ਖਾਲਿਸਤਾਨੀ ਝੰਡਾ', ਖੁਫ਼ੀਆ ਮਹਿਕਮਾ ਤੇ ਪੁਲਸ ਚੌਕਸ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਕਸੀਮੀਟਰਾਂ ਨੂੰ ਕੋਵਿਡ-19 ਦੀ ਦਵਾਈ ਜਾਂ ਟੀਕੇ ਵੱਜੋਂ ਉਤਸ਼ਾਹਿਤ ਕਰ ਰਹੀ ਹੈ, ਜਦੋਂ ਕਿ ਅਸਲ 'ਚ ਇਹ ਸਿਰਫ ਕਿਸੇ ਵਿਅਕਤੀ ਦੇ ਸਰੀਰ 'ਚ ਆਕਸੀਜਨ ਦੇ ਪੱਧਰ ਦਾ ਪਤਾ ਲਗਾਉਣ 'ਚ ਸਹਾਇਤਾ ਕਰਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਉਨ੍ਹਾਂ ਦੀ ਰਣਨੀਤੀ ਪੰਜਾਬ 'ਚ ਮਹਾਮਾਰੀ ਦੇ ਹੋਰ ਫੈਲਣ ਨੂੰ ਉਤਸ਼ਾਹਿਤ ਕਰਨਾ ਹੋਵੇ ਤਾਂ ਜੋ ਇਸ ਨੂੰ ਸੂਬਾ ਸਰਕਾਰ ਦੀ ਅਸਫ਼ਲਤਾ ਵਜੋਂ ਪੇਸ਼ ਕਰਕੇ ਲੋਕਾਂ ਨੂੰ ਉਕਸਾਇਆ ਜਾ ਸਕੇ।
ਮੰਤਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ (ਆਪ) ਵੱਲੋਂ ਜਾਣ-ਬੁੱਝ ਕੇ ਪੰਜਾਬ 'ਚ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਸਿੱਧ ਕਰਨ ਲਈ ਫੈਲਾਈ ਜਾ ਰਹੀ ਗੁਮਰਾਹਕੁੰਨ ਮੁਹਿੰਮ ਬਹੁਤ ਖ਼ਤਰਨਾਕ ਹੈ। ਮੰਤਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਨਾਲ ਵਧੇਰੇ ਲੋਕਾਂ ਦੇ ਇਨਫੈਕਟਿਡ ਹੋਣ ਦੇ ਵੱਡੇ ਜ਼ੋਖਮ ਦੀ ਸੰਭਾਵਨਾ ਹੈ ਅਤੇ ਹੋ ਸਕਦਾ ਹੈ ਕਿ ਪੇਂਡੂ ਇਲਾਕਿਆਂ 'ਚ ਇਸ ਨਾਲ ਵਿਸ਼ਾਲ ਕਮਿਊਨਿਟੀ ਸਪਰੈੱਡ ਸ਼ੁਰੂ ਹੋ ਜਾਵੇ।