'ਜੇ ਸਮਾਜ ਸੇਵਾ ਕਰਨੀ ਹੈ ਤਾਂ ਰਾਜ ਸਭਾ ਵੀ ਇਕ ਮੰਚ ਹੈ', ਸੁਣੋ ਸੰਤ ਸੀਚੇਵਾਲ ਨਾਲ ਖ਼ਾਸ ਗੱਲਬਾਤ

Thursday, Aug 11, 2022 - 04:59 PM (IST)

'ਜੇ ਸਮਾਜ ਸੇਵਾ ਕਰਨੀ ਹੈ ਤਾਂ ਰਾਜ ਸਭਾ ਵੀ ਇਕ ਮੰਚ ਹੈ', ਸੁਣੋ ਸੰਤ ਸੀਚੇਵਾਲ ਨਾਲ ਖ਼ਾਸ ਗੱਲਬਾਤ

ਜਲੰਧਰ- ਜੇ ਸਮਾਜ ਸੇਵਾ ਕਰਨੀ ਹੈ ਤਾਂ ਰਾਜ ਸਭਾ ਵੀ ਇਕ ਮੰਚ ਹੈ। ਰਾਜ ਸਭਾ ਵਿੱਚ ਉਨ੍ਹਾਂ ਬੰਦਿਆਂ ਨੂੰ ਭੇਜਿਆ ਜਾਂਦਾ ਹੈ, ਜੋ ਸਿੱਧੇ ਤੌਰ 'ਤੇ ਸਿਆਸਤ ਨਾਲ ਸੰਬੰਧ ਨਹੀਂ ਰੱਖਦੇ ਅਤੇ ਸਮਾਜ ਵਿੱਚ ਕੋਈ ਪ੍ਰਾਪਤੀ ਹੁੰਦੀ ਹੈ। ਇਸੇ ਆਧਾਰ 'ਤੇ ਕਈ ਕੈਟਾਗਿਰੀਆਂ ਲਈ ਵਿਸ਼ੇਸ਼ ਤੌਰ 'ਤੇ ਰਾਜ ਸਭਾ ਮੈਂਬਰਾਂ ਦਾ ਕੋਟਾ ਵੀ ਰੱਖਿਆ ਗਿਆ ਹੈ। ਸਮਾਜ ਸੇਵਾ ਨੂੰ ਲੈ ਕੇ ਸਾਡਾ ਮਕਸਦ ਅੱਜ ਵੀ ਪਹਿਲਾਂ ਵਾਲਾ ਹੀ ਹੈ। ਇਹ ਕਹਿਣਾ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਦਾ। ਸੰਤ ਸੀਚੇਵਾਲ ਕਹਿੰਦੇ ਹਨ ਕਿ ਨਾ ਤਾਂ ਅਸੀਂ ਪਹਿਲਾਂ ਕਦੇ ਹੱਦਾਂ ਤੋਂ ਪਾਰ ਸੀ ਅਤੇ ਨਾ ਹੁਣ ਕਦੇ ਮਹਿਸੂਸ ਕੀਤਾ ਕਿ ਸੀਮਾਵਾਂ 'ਚ ਬੰਨ੍ਹੇ ਹੋਏ ਹਾਂ। ਪੇਸ਼ ਹਨ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸੋਢੀ ਨਾਲ ਕੀਤੀ ਗੱਲਬਾਤ ਦੇ ਕੁਝ ਵਿਸ਼ੇਸ਼ ਅੰਸ਼:-

ਸਿਆਸਤ 'ਚ ਆਉਣ ਦੀ ਵਜ੍ਹਾ ਕੀ ਰਹੀ?

ਅਸੀਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਵਾਤਾਵਰਣ ਸਬੰਧੀ ਸਮੱਸਿਆਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਫੋਨ ਕਰਕੇ ਕਿਹਾ ਕਿ ਅਸੀਂ ਤੁਹਾਨੂੰ ਰਾਜ ਸਭਾ 'ਚ ਭੇਜਣਾ ਚਾਹੁੰਦੇ ਹਾਂ। ਅਸੀਂ ਸਾਫ਼ ਇਨਕਾਰ ਕਰ ਦਿੱਤਾ ਕਿ ਸਾਡੇ ਨਾਲੋਂ ਵਧੇਰੇ ਪੜ੍ਹੇ-ਲਿਖੇ ਅਤੇ ਸੂਝਵਾਨ ਲੋਕ ਹਨ, ਤੁਸੀਂ ਉਨ੍ਹਾਂ ਨੂੰ ਭੇਜੋ। ਮੁੱਖ ਮੰਤਰੀ ਨੇ ਕਿਹਾ ਕਿ ਜੋ ਸਮੱਸਿਆਵਾਂ ਤੁਸੀਂ ਸਾਨੂੰ ਦੱਸੀਆਂ ਹਨ, ਉਸ ਦੀ ਆਵਾਜ਼ ਰਾਜ ਸਭਾ ਵਿੱਚ ਪਹੁੰਚੇ ਤਾਂ ਹੋਰ ਵਧੀਆ ਹੋਵੇਗਾ। ਅਸੀਂ ਤੁਹਾਨੂੰ ਵੋਟਾਂ, ਰੈਲੀਆਂ 'ਚ ਸ਼ਾਮਲ ਹੋਣ ਲਈ ਨਹੀਂ ਕਹਾਂਗੇ। ਜੇ ਤੁਸੀਂ ਇਨਕਾਰ ਕਰ ਦਿੱਤਾ ਤਾਂ ਕੋਈ ਹੋਰ ਚਲਾ ਜਾਵੇਗਾ। ਅਸੀਂ ਫਿਰ ਵੀ ਇਨਕਾਰ ਕਰ ਦਿੱਤਾ ਸੀ। ਜਦੋਂ ਉਨ੍ਹਾਂ ਨੇ ਫਿਰ ਫੋਨ ਕੀਤਾ ਤਾਂ ਅਸੀਂ ਵੀ ਸੋਚਿਆ ਕਿ ਜੇਕਰ ਲੋਕਾਂ ਦੇ ਜਾਂ ਵਾਤਾਵਰਨ ਦੇ ਮਸਲੇ ਸੰਸਦ ਵਿੱਚ ਚੁੱਕੇ ਜਾਣ ਤਾਂ ਇਸ ਵਿੱਚ ਹਰਜ਼ ਵੀ ਕੀ ਹੈ। 

ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਮਿੱਲਾਂ ਦੀ ਪ੍ਰਾਪਰਟੀ ਵੇਚ ਕੇ ਜਲਦ ਕਰਾਂਗੇ ਕਿਸਾਨਾਂ ਦੇ ਬਕਾਏ ਦਾ ਭੁਗਤਾਨ

ਤੁਸੀਂ ਕਿਹਾ ਸੀ ਕਿ ਅਸੀਂ ਆਤਮਾ ਦੀ ਆਵਾਜ਼ ਸੁਣੀਏ ਜਾਂ ਪਾਰਟੀ ਦੀ। ਇਸ ਦੇ ਕੀ ਮਾਇਨੇ ਸਨ?

8 ਦਿਨ ਸੰਸਦ ਦੀ ਕਾਰਵਾਈ ਨਹੀਂ ਚੱਲੀ। ਅਸੀਂ ਜ਼ੀਰੋ ਆਵਰ 'ਚ ਵੀ ਪ੍ਰਸ਼ਨ ਲਾਇਆ। ਸਮਾਂ ਵੀ ਲੰਘ ਗਿਆ। ਦੋ ਦਿਨ ਅਸੀਂ ਪਾਰਟੀ ਦੇ ਸੱਦੇ 'ਤੇ ਕਿਸਾਨਾਂ ਦੇ ਹੱਕ ਲਈ ਸਪੀਕਰ ਦੀ ਕੁਰਸੀ ਮੂਹਰੇ ਹੋ ਕੇ ਤਖ਼ਤੀਆਂ ਫੜ ਕੇ ਪ੍ਰਦਰਸ਼ਨ ਵੀ ਕੀਤਾ। ਸੱਤਾ ਧਿਰ ਨੂੰ ਚਾਹੀਦਾ ਸੀ ਕਿ ਜਿਨ੍ਹਾਂ ਮੁੱਦਿਆਂ 'ਤੇ ਚਰਚਾ ਦੀ ਮੰਗ ਕੀਤੀ ਜਾ ਰਹੀ ਸੀ ਉਸ 'ਤੇ ਬਹਿਸ ਕਰੇ। ਤਖ਼ਤੀਆਂ ਫੜਨਾ ਪਾਰਟੀ ਦੀ ਵੀ ਆਵਾਜ਼ ਸੀ ਆਤੇ ਲੋਕਾਂ ਦੀ ਵੀ ਪਰ ਓਰੀਅਟੈਂਸ਼ਨ ਪ੍ਰੋਗਰਾਮ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਸਦਨ ਵਿੱਚ ਨੈਤਿਕਤਾ ਕਿਵੇਂ ਬਣਾਈ ਰੱਖਣੀ ਹੈ। ਅਸੀਂ ਇਸ ਦੁਚਿੱਤੀ ਨੂੰ ਓਰੀਅਟੈਂਸ਼ਨ ਪ੍ਰੋਗਰਾਮ 'ਚ ਸਾਂਝਾ ਕੀਤਾ ਸੀ। 

ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ’ਚ ਸਬ ਇੰਸਪੈਕਟਰਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ, ਇੰਝ ਹੋਵੇਗੀ ਪ੍ਰੀਖਿਆ

ਸਿਆਸਤ ਦਾ ਹਿੱਸਾ ਬਣ ਕੇ ਵਾਤਾਵਰਨ ਸਬੰਧੀ ਹੁਣ ਤੁਹਾਡੇ ਏਜੰਡੇ 'ਤੇ ਕੀ ਹੈ?

ਕੁਦਰਤ ਵੱਲੋਂ ਠੰਡੀ ਹਵਾ ਦਾ ਬੁੱਲਾ ਆ ਰਿਹਾ ਹੈ। ਸਾਡੀਆਂ ਕਿਸਾਨ ਜਥੇਬੰਦੀਆਂ ਨੇ ਤਹੱਈਆ ਕੀਤਾ ਹੈ ਕਿ ਪਰਾਲੀ ਨੂੰ ਅੱਗ ਨਹੀਂ ਲਗਾਉਣਗੀਆਂ ਤੇ ਬੂਟੇ ਵੀ ਲਗਾਉਣਗੀਆਂ। ਪੰਜਾਬ 'ਚ ਜੰਗਲ ਲੱਗ ਰਹੇ ਹਨ। ਇਕ ਮਾਹੌਲ ਬਣ ਰਿਹਾ ਹੈ। ਅਸੀਂ ਹਰ ਸਾਲ 5-6 ਲੱਖ ਬੂਟੇ ਵੰਡ ਰਹੇ ਹਾਂ। ਗੋਇੰਦਵਾਲ ਸਾਹਿਬ ਦੀ ਪਵਿੱਤਰ ਬਾਉਲੀ ਸਾਹਿਬ 'ਚ ਪੈ ਰਿਹਾ ਗੰਦਾ ਪਾਣੀ ਵੀ ਬੰਦ ਹੋਵੇਗਾ। ਉਥੇ ਸੀਵਰੇਜ ਸਿਸਟਮ ਪੈ ਰਿਹਾ ਤੇ ਟ੍ਰੀਟਮੈਂਟ ਪਲਾਂਟ ਵੀ ਲੱਗ ਰਿਹਾ ਹੈ। ਅਸੀਂ ਸਰਕਾਰ ਨੂੰ ਬੇਨਤੀ ਵੀ ਕੀਤੀ ਹੈ ਕਿ ਕਾਲੀ ਵੇਈਂ ਦੇ ਰਹਿੰਦੇ ਕਾਰਜ ਵੀ ਨੇਪਰੇ ਚਾੜ੍ਹੇ ਜਾਣ।

ਇਹ ਵੀ ਪੜ੍ਹੋ: ਜਲੰਧਰ: ਰੱਖੜੀ ਦੇ ਤਿਉਹਾਰ ਮੌਕੇ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News