ਸੰਯੁਕਤ ਮੋਰਚੇ ਨੂੰ ਚੋਣ ਨਿਸ਼ਾਨ ਅਲਾਟ ਕਰਨ ’ਚ ਜਾਣ-ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ : ਰਾਜੇਵਾਲ
Saturday, Jan 29, 2022 - 02:55 PM (IST)
ਸਮਰਾਲਾ (ਗਰਗ) : ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਰਹੇ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਅਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਭਾਰਤ ਦੇ ਚੋਣ ਕਮਿਸ਼ਨ ਦੀ ਕਾਰਜ ਪ੍ਰਣਾਲੀ ’ਤੇ ਵੱਡਾ ਸਵਾਲ ਚੁੱਕਿਆ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਵਿੱਚ ਜਾਣ-ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਚੋਣ ਕਮਿਸ਼ਨ ਦੀ ਨਿੱਰਪਖਤਾ ’ਤੇ ਵੀ ਸਵਾਲ ਖੜ੍ਹੇ ਕਰਦਿਆ ਇਲਜ਼ਾਮ ਲਗਾਏ ਕਿ ਉਨ੍ਹਾਂ ਵੱਲੋਂ ਵਾਰ-ਵਾਰ ਚੋਣ ਕਮਿਸ਼ਨ ਦਫ਼ਤਰ ਜਾ ਕੇ ਚੋਣ ਨਿਸ਼ਾਨ ਅਲਾਟ ਕਰਨ ਬਾਰੇ ਲਿਖ਼ਤੀ ਤੌਰ ’ਤੇ ਕਿਹਾ ਜਾ ਰਿਹਾ ਹੈ ਅਤੇ ਜਿਹੜਾ ਚੋਣ ਨਿਸ਼ਾਨ ਉਨ੍ਹਾਂ ਨੂੰ ਚਾਹੀਦਾ ਹੈ, ਉਸ ਬਾਰੇ ਵੀ ਲਿਖ ਕੇ ਦਿੱਤਾ ਜਾ ਚੁੱਕਾ ਹੈ ਪਰ ਕੁੱਝ ਸਿਆਸੀ ਦਲ ਸਮਾਜ ਮੋਰਚੇ ਨੂੰ ਰੋਕਣ ਲਈ ਘਟੀਆ ਹੱਥਕੰਡੇ ਵਰਤ ਰਹੇ ਹਨ।
ਇਹ ਵੀ ਪੜ੍ਹੋ : ਹੁਣ ਅਧਿਆਪਕਾਂ ਨੂੰ ਲੱਗੇਗੀ 'ਬੂਸਟਰ ਡੋਜ਼', ਵਿਭਾਗ ਨੇ ਮੰਗੀ ਸੂਚਨਾ
ਉਨ੍ਹਾਂ ਕਿਹਾ ਕਿ ਕਿਸਾਨ ਸਮਾਜ ਮੋਰਚਾ ਹਰ ਸਾਜ਼ਿਸ਼ ਦਾ ਡਟ ਕੇ ਮੁਕਾਬਲਾ ਕਰਦਾ ਹੋਇਆ ਪੰਜਾਬ ਦੇ ਚੋਣ ਪਿੜ ਵਿੱਚ ਜਿੱਤ ਕੇ ਸਾਹਮਣੇ ਆਵੇਗਾ। ਸ. ਰਾਜੇਵਾਲ ਨੇ ਸ਼ਨੀਵਾਰ ਨੂੰ ਇੱਥੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ 117 ਹੀ ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਹਨ ਅਤੇ ਬਿਨਾਂ ਚੋਣ ਨਿਸ਼ਾਨ ਦੇ ਉਨ੍ਹਾਂ ਨੂੰ ਪ੍ਰਚਾਰ ਕਰਨ ਵਿੱਚ ਦਿੱਕਤਾਂ ਵੀ ਪੇਸ਼ ਆ ਰਹੀਆਂ ਹਨ ਪਰ ਉਹ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਹੇ ਵੱਡੇ ਸਮਰਥਨ ਦੇ ਬਲਬੂਤੇ ਚੋਣਾਂ ਜਿੱਤ ਕੇ ਸਾਜਿਸ਼ਾਂ ਘੜਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।
ਰਾਜੇਵਾਲ ਨੇ ਇਹ ਵੀ ਕਿਹਾ ਕਿ ਸਮਾਜ ਮੋਰਚੇ ਦੇ ਸਾਰੇ ਹੀ ਉਮੀਦਵਾਰਾਂ ਵੱਲੋਂ ਵੀ ਚੋਣ ਕਮਿਸ਼ਨ ਨੂੰ ਲਿਖ਼ਤੀ ਰੂਪ ਵਿੱਚ ਚੋਣ ਨਿਸ਼ਾਨ ਅਲਾਟ ਕਰਨ ਲਈ ਭੇਜਿਆ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੋਈ ਵੀ ਚੋਣ ਕਦੇ ਵੀ ਬਿਨਾਂ ਚੋਣ ਨਿਸ਼ਾਨ ਤੋਂ ਨਹੀਂ ਲੜੀ ਜਾਂਦੀ, ਇਸ ਲਈ ਸਿਧਾਂਤਿਕ ਅਤੇ ਕਾਨੂੰਨੀ ਤੌਰ ’ਤੇ ਚੋਣ ਕਮਿਸ਼ਨ ਨੂੰ ਸਮਾਜ ਮੋਰਚੇ ਨੂੰ ਚੋਣ ਨਿਸ਼ਾਨ ਅਲਾਟ ਕਰਨਾ ਹੀ ਪਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਸੁਖਨਾ ਝੀਲ 'ਤੇ 24 ਦਿਨਾਂ ਬਾਅਦ ਮੁੜ ਪਰਤੀ ਰੌਣਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ