ਬਲਬੀਰ ਸਿੱਧੂ ਵਿਰੁੱਧ ਸੁਖਬੀਰ ਬਾਦਲ ਦੀ ਤੋਹਮਤਬਾਜ਼ੀ ਨੇ ਗਰਮਾਈ ਸਿਆਸਤ

12/18/2019 10:06:19 AM

ਮੋਹਾਲੀ (ਨਿਆਮੀਆਂ) - ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਵਿਰੁੱਧ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਮਾਣਕਪੁਰ ਕੱਲਰ ਦੀ 67 ਏਕੜ ਜ਼ਮੀਨ ਦੀ ਵਰਤੋਂ ’ਚ ਤਬਦੀਲੀ ਕਰਵਾ ਕੇ ਆਪਣੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਕੰਪਨੀ ਨੂੰ ਲਾਭ ਪਹੁੰਚਾਉਣ ਦਾ ਦੋਸ਼ ਲਾਏ ਜਾਣ ਨਾਲ ਸਿਆਸਤ ਗਰਮਾ ਗਈ। ਸ. ਬਾਦਲ ਨੇ ਬਲਬੀਰ ਸਿੰਘ ਸਿੱਧੂ ਦੇ ਵਿਰੁੱਧ ਮਾਮਲਾ ਦਰਜ ਕਰਨ ਅਤੇ ਪੂਰੇ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਸਬੰਧੀ ਬਿਆਨ ਦਿੱਤਾ ਸੀ। ਬਾਦਲ ਦੇ ਇਸ ਬਿਆਨ ਨੇ ਅਕਾਲੀ ਭਾਜਪਾ ਗਠਜੋਡ਼ ਦੇ ਆਗੂਆਂ ਨੂੰ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੇ ਭਰਾ ਵਿਰੁੱਧ ਇਕ ਹੋਰ ਮੁੱਦਾ ਦੇ ਦਿੱਤਾ। ਇਸ ਮੁੱਦੇ ’ਤੇ ਨਗਰ ਨਿਗਮ ਦੇ ਅਕਾਲੀ ਭਾਜਪਾ ਕੌਂਸਲਰਾਂ ਵਲੋਂ ਭਲਕੇ ਜ਼ਿਲੇ ਦੇ ਐੱਸ. ਐੱਸ. ਪੀ. ਅਤੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਸਿੱਧੂ ਦੇ ਵਿਰੁੱਧ ਬਣਦੀ ਕਾਰਵਾਈ ਕਰਨ ਅਤੇ ਪਿੰਡ ਦੀ ਜ਼ਮੀਨ ਦੀ ਵਰਤੋਂ ਤਬਾਦਲਾ ਸਬੰਧੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਦੇ ਉੱਤਰ ਵਿਚ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਦੀ ਜ਼ਿਮਨੀ ਚੋਣ ਦੌਰਾਨ ਹੋਈ ਅਕਾਲੀ ਦਲ ਦੀ ਹਾਰ ਬਰਦਾਸ਼ਤ ਨਹੀਂ ਹੋ ਰਹੀ। ਇਸ ਕਰ ਕੇ ਉਹ ਊਲ ਜ਼ਲੂਲ ਬਿਆਨਬਾਜ਼ੀ ਕਰ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਲਕੇ ਪੱਤਰਕਾਰ ਸੰਮੇਲਨ ਕਰ ਕੇ ਸੁਖਬੀਰ ਬਾਦਲ ਦੇ ਬਿਆਨਾਂ ਦਾ ਠੋਕਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਿਸ ਕੰਪਨੀ ਨੇ ਜ਼ਮੀਨ ਖਰੀਦੀ ਹੈ, ਉਸ ਵਲੋਂ ਪੂਰੀ ਤਰ੍ਹਾਂ ਨਿਯਮ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਇਸ ਜ਼ਮੀਨ ਦੀ ਵਰਤੋਂ ਤਬਾਦਲੇ ਦੇ ਮਾਮਲੇ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।

ਜਿਸ ਕੰਪਨੀ ਨੇ ਇਹ ਜ਼ਮੀਨ ਖਰੀਦੀ ਹੈ, ਉਸ ਦੇ ਮਾਲਕ ਕੈਬਨਿਟ ਮੰਤਰੀ ਦੇ ਭਰਾ ਅਮਰਜੀਤ ਸਿੰਘ ਸਿੱਧੂ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਜੀਤੀ ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਹ ਦੱਸਣ ਕਿ ਇਸ ਮਾਮਲੇ ਵਿਚ ਗਲਤ ਕੀ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਤਿੰਨ ਸਭ ਤੋਂ ਖਾਸ ਸਮਝੇ ਜਾਂਦੇ ਅਕਾਲੀ ਆਗੂ ਐੱਨ. ਕੇ. ਸ਼ਰਮਾ, ਕੁਲਵੰਤ ਸਿੰਘ ਅਤੇ ਰਣਜੀਤ ਸਿੰਘ ਗਿੱਲ ਜਿਹਡ਼ੇ ਇਸ ਜ਼ਿਲੇ ਦੇ ਤਿੰਨਾਂ ਹਲਕਿਆਂ ਵਿਚ ਅਕਾਲੀ ਦਲ ਦੀ ਸਿਆਸਤ ਦੀ ਅਗਵਾਈ ਕਰ ਰਹੇ ਹਨ, ਇਸੇ ਕਾਰੋਬਾਰ ਵਿਚ ਹਨ ਅਤੇ ਉਨ੍ਹਾਂ ਤਿੰਨਾਂ ਵਲੋਂ ਵੀ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਖਰੀਦ ਕੇ ਬਾਅਦ ਵਿਚ ਜ਼ਮੀਨਾਂ ਦੀ ਵਰਤੋਂ ਤਬਾਦਲਾ ਕਰਵਾਇਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਵਲੋਂ ਸਾਰਾ ਕੁੱਝ ਨਿਯਮਾਂ ਅਨੁਸਾਰ ਕੀਤਾ ਗਿਆ ਹੈ ਅਤੇ ਜੇਕਰ ਉਨ੍ਹਾਂ ਨੇ ਕਿਸੇ ਦੀ ਜ਼ਮੀਨ ਖੋਹੀ ਹੋਵੇ ਜਾਂ ਕਿਸੇ ਨਾਲ ਧੱਕਾ ਕੀਤਾ ਹੋਵੇ ਤਾਂ ਉਹ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ।


rajwinder kaur

Content Editor

Related News