ਬਹਿਬਲ ਕਲਾਂ ਗੋਲੀਕਾਂਡ ਮਾਮਲਾ : ਅਦਾਲਤ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

Tuesday, Jan 29, 2019 - 12:04 PM (IST)

ਬਹਿਬਲ ਕਲਾਂ ਗੋਲੀਕਾਂਡ ਮਾਮਲਾ : ਅਦਾਲਤ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਚੰਡੀਗੜ੍ਹ (ਵਰੁਣ) : ਪੰਜਾਬ 'ਚ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ਫਰੀਦਕੋਟ ਦੀ ਜ਼ਿਲਾ ਅਤੇ ਸੈਸ਼ਨ ਅਦਾਲਤ ਨੇ ਨੋਟਿਸ ਜਾਰੀ ਕਰਕੇ ਇਕ ਦਿਨ 'ਚ ਜਵਾਬ ਮੰਗਿਆ ਹੈ। ਦੱਸ ਦੇਈਏ ਕਿ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ 'ਸਿੱਟ' ਵਲੋਂ ਗੋਲੀਕਾਂਡ ਮਾਮਲੇ 'ਚ ਜੁੜ ਰਹੇ ਦੋ ਹੋਰ ਸਾਬਕਾ ਪੁਲਸ ਮੁਲਾਜ਼ਮਾਂ ਸਾਬਕਾ ਐੱਸ. ਪੀ. ਬਿਕਰਮਜੀਤ ਸਿੰਘ ਤੇ ਇੰਸਪੈਕਟਰ ਪਰਦੀਪ ਸ਼ਰਮਾ ਅਤੇ ਤਤਕਾਲੀ ਪੁਲਸ ਥਾਣਾ ਮੁਖੀ ਅਮਰਜੀਤ ਸਿੰਘ ਕੁਲਾਰ ਤੋਂ 29 ਜਨਵਰੀ ਨੂੰ ਪੁੱਛਗਿੱਛ ਲਈ ਸੰਮਨ ਭੇਜੇ ਗਏ ਸਨ ਪਰ ਇਨ੍ਹਾਂ 'ਚੋਂ 2 ਸਾਬਕਾ ਮੁਲਾਜ਼ਮਾਂ ਬਿਕਰਮਜੀਤ ਸਿੰਘ ਤੇ ਪਰਦੀਪ ਸ਼ਰਮਾ ਨੇ ਫਰੀਦਕੋਟ ਦੀ ਜ਼ਿਲਾ ਅਤੇ ਸੈਸ਼ਨ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਅਪੀਲ ਕੀਤੀ ਸੀ ਕਿ ਜਿਵੇਂ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ ਦੇ ਵਿਦੇਸ਼ ਫਰਾਰ ਹੋਣ ਦੀ ਗੱਲ ਕਹਿ ਕੇ ਪੁਲਸ ਨੇ ਪੁੱਛਗਿੱਛ ਦੀ ਬਜਾਏ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਉਸੇ ਤਰ੍ਹਾਂ ਪੁਲਸ ਨੂੰ ਵੀ ਪੁੱਛਗਿੱਛ ਦੇ ਬਹਾਨੇ ਗ੍ਰਿਫਤਾਰ ਕਰ ਸਕਦੀ ਹੈ।

ਉਕਤ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ 'ਸਿੱਟ' ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਲਈ ਤਿਆਰ ਹਨ। ਦੋਹਾਂ ਦੀ ਪਟੀਸ਼ਨ 'ਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਕ ਦਿਨ 'ਚ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ 'ਸਿੱਟ' ਵਲੋਂ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤੇ ਗਏ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ ਦੇ ਪਰਿਵਾਰ ਦਾ ਦੋਸ਼ ਸੀ ਕਿ 'ਸਿੱਟ' ਦੀ ਟੀਮ ਨੇ ਝੂਠ ਦੇ ਆਧਾਰ 'ਤੇ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਉਹ ਪੂਰੀ ਤਰ੍ਹਾਂ 'ਸਿੱਟ' ਦੀ ਟੀਮ ਨੂੰ ਸਹਿਯੋਗ ਵੀ ਦੇ ਰਹੇ ਸੀ ਤੇ ਵਿਦੇਸ਼ ਵੀ ਨਹੀਂ ਜਾ ਰਹੇ ਸੀ।


author

Babita

Content Editor

Related News