ਬਾਦਲੋ ਆਪਣੀ ਸਿਆਸਤ ਬਚਾਉਣ ਖਾਤਰ ਸ੍ਰੀ ਅਕਾਲ ਤਖ਼ਤ ਸਾਹਿਬਾਨ ਨੂੰ ਨਾ ਵਰਤੋਂ : ਦਾਦੂਵਾਲ

Wednesday, Sep 30, 2020 - 11:36 PM (IST)

ਬਾਦਲੋ ਆਪਣੀ ਸਿਆਸਤ ਬਚਾਉਣ ਖਾਤਰ ਸ੍ਰੀ ਅਕਾਲ ਤਖ਼ਤ ਸਾਹਿਬਾਨ ਨੂੰ ਨਾ ਵਰਤੋਂ : ਦਾਦੂਵਾਲ

ਬਠਿੰਡਾ,(ਬਲਵਿੰਦਰ)- ‘ਬਾਦਲੋ ਅਕਲ ਨੂੰ ਹੱਥ ਮਾਰੋ, ਦੁਨੀਆਂ ਦਾ ਹਰੇਕ ਮਾਰਚ ਸਿੱਖ ਧਰਮ ਤੇ ਸਰਵਉੱਚ ਤਖ਼ਤ ਸਾਹਿਬਾਨਾਂ ਵੱਲ ਨੂੰ ਆਉਂਦਾ ਹੈ ਤੇ ਤੁਸੀਂ ਆਪਣਾ ਰੋਸ ਮਾਰਚ ਤਖ਼ਤ ਸਾਹਿਬਾਨ ਤੋਂ ਸਰਕਾਰੀ ਤਖ਼ਤ ਚੰਡੀਗੜ੍ਹ ਵੱਲ ਨੂੰ ਕੱਢ ਰਹੇ ਹੋ। ਤੁਹਾਨੂੰ ਕਿਉਂ ਨਹੀਂ ਲੱਗਦਾ ਕਿ ਇਸਨੂੰ ਸਿੱਖ ਧਰਮ ਦੀ ਬੇਅਦਬੀ ਤੋਂ ਘੱਟ ਨਹੀਂ ਆਂਕਿਆ ਜਾਵੇਗਾ।’ ਇਹ ਪ੍ਰਗਟਾਵਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਨੇ ਆਪਣੇ ਬਿਆਨ ਰਾਹੀਂ ਕੀਤਾ। ਯਾਦ ਰਹੇ ਕਿ 1 ਅਕਤੂਬਰ ਨੂੰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਕਿਸਾਨਾਂ ਦੇ ਹੱਕ ’ਚ ਨਾਅਰਾ ਮਾਰਦੇ ਹੋਏ ਇਕ ਰੋਸ ਮਾਰਚ ਦੀ ਅਗਵਾਈ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਆਪਣੀ ਸਿਆਸਤ ਖਾਤਰ ਸਿੱਖ ਧਰਮ ਨੂੰ ਦਾਅ ’ਤੇ ਲਾਇਆ ਹੈ, ਜੋ ਇਨ੍ਹਾਂ ਦੀ ਢਹਿੰਦੀ ਕਲਾ ਦਾ ਕਾਰਨ ਬਣਿਆ ਹੈ। ਧਰਮ ਦੇ ਨਾਂ ’ਤੇ ਵਿਵਾਦ ਕਰਵਾ ਕੇ ਵੋਟਾਂ ਲੁੱਟੀਆਂ ਤੇ ਰਾਜ ਕੀਤਾ ਪਰ ਹੁਣ ਲੋਕ ਇਨ੍ਹਾਂ ਦੀਆਂ ਚਾਲਾਂ ਤੋਂ ਭਲੀਭਾਂਤ ਜਾਣੂ ਹੋ ਚੁੱਕੇ ਹਨ। ਪਹਿਲਾਂ ਅਸਤੀਫਾ ਦੇਣ ਦਾ ਡਰਾਮਾ, ਫਿਰ ਭਾਜਪਾ ਨਾਲੋਂ ਗਠਜੋੜ ਤੋੜਣ ਦਾ ਡਰਾਮਾ ਵੀ ਕੀਤਾ ਗਿਆ। ਜਦੋਂ ਲੋਕਾਂ ਨੇ ਯਕੀਨ ਨਹੀਂ ਕੀਤਾ ਤਾਂ ਤਖ਼ਤ ਸਾਹਿਬਾਨ ਤੋਂ ਮਾਰਚ ਕੱਢਣ ਦੀ ਇਕ ਹੋਰ ਚਾਲ ਚੱਲੀ ਗਈ ਹੈ ਪਰ ਸਿੱਖ ਜਗਤ ਇਸਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ, ਕਿਉਂਕਿ ਇਹ ਤਖ਼ਤ ਸਾਹਿਬਾਨ ਸਰਵਉੱਚ ਹਨ। ਇਸ ਤਰ੍ਹਾਂ ਅਕਾਲੀ ਦਲ ਨੂੰ ਬੇਅਦਬੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਕਿਹਾ ਕਿ ਆਓ ਅਕਾਲੀ ਦਲ ਨੂੰ ਅਜਿਹਾ ਕਰਨ ਤੋਂ ਹਰ ਹਾਲ ’ਚ ਰੋਕਿਆ ਜਾਵੇ।


author

Bharat Thapa

Content Editor

Related News