ਬਾਦਲ ਆਪਣੀ ਡੁੱਬਦੀ ਬੇੜੀ ਬਚਾਉਣ ਲਈ ਘਟੀਆ ਪੱਧਰ ਦੀ ਸਿਆਸਤ ‘ਤੇ ਉਤਰਿਆ: ਕੈਪਟਨ

Monday, Sep 28, 2020 - 11:16 PM (IST)

ਬਾਦਲ ਆਪਣੀ ਡੁੱਬਦੀ ਬੇੜੀ ਬਚਾਉਣ ਲਈ ਘਟੀਆ ਪੱਧਰ ਦੀ ਸਿਆਸਤ ‘ਤੇ ਉਤਰਿਆ: ਕੈਪਟਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੇਂ ਖੇਤੀ ਬਿੱਲਾਂ ਦਾ ਨਿਰੰਤਰ ਅਤੇ ਬੇਸ਼ਰਮੀ ਭਰੇ ਢੰਗ ਨਾਲ ਸਿਆਸੀਕਰਨ ਕੀਤੇ ਜਾਣ 'ਤੇ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ‘ਤੇ ਵਰ੍ਹਦਿਆਂ ਕਿਹਾ ਕਿ ਅਸਲ ਵਿਚ ਬੇਸਹਾਰਾ ਕਿਸਾਨਾਂ ਉਪਰ ਇਹ ਕਾਨੂੰਨ ਥੋਪਣ ਲਈ ਮੁਢਲੇ ਤੌਰ 'ਤੇ ਅਕਾਲੀ ਦਲ ਹੀ ਜਿੰਮੇਵਾਰ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਨੌਟੰਕੀਆਂ ਅਤੇ ਸਿਆਸੀ ਹੋਛੇਬਾਜੀਆਂ ਸ਼ੋਮਣੀ ਅਕਾਲੀ ਦਲ ਦੇ ਪੰਜਾਬ ਵਿਚ ਡਿੱਗ ਚੁੱਕੇ ਵੱਕਾਰ ਨੂੰ ਬਹਾਲ ਕਰਨ ਵਿਚ ਸਹਾਈ ਨਹੀਂ ਹੋਣਗੀਆਂ ਕਿਉਂ ਜੋ ਪੰਜਾਬ ਵਾਸੀਆਂ ਖਾਸ ਕਰਕੇ ਕਿਸਾਨਾਂ ਨੇ ਬਾਦਲਾਂ ਨੂੰ ਦੋਗਲੇਪਣ ਵਾਲੀ ਨੀਤੀ ਅਪਣਾਉਣ ਕਰਕੇ ਰੱਦ ਕਰ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੀ ਘਟੀਆ ਪੱਧਰ ਦੀ ਸਿਆਸਤ 'ਤੇ ਹੈਰਾਨੀ ਜਾਹਰ ਕੀਤੀ ਜਿਹਨਾਂ ਨੇ ਆਪਣੇ ਸੌੜੇ ਸਿਆਸੀ ਮੁਫਾਦ ਲਈ ਉਸ ਪਾਰਟੀ ਦਾ ਬੇੜਾ ਡੋਬ ਕੇ ਰੱਖ ਦਿੱਤਾ ਜਿਸ ਨੂੰ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਦੀ ਵਿਰਾਸਤ ਅਤੇ ਲੰਮੇ ਇਤਿਹਾਸ ਕਰਕੇ ਜਾਣਿਆ ਜਾਂਦਾ ਸੀ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਿਚ ਸਿਆਸੀ ਸੂਝ-ਬੂਝ ਦੀ ਘਾਟ ਨੇ ਸਦਾ ਲਈ ਅਕਾਲੀ ਦਲ ਦੀ ਬੇੜੀ ਵਿਚ ਵੱਟੇ ਪਾ ਦਿੱਤੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਪਿਛਲੱਗੂ ਬਣ ਕੇ ਖੇਤੀ ਬਿੱਲਾਂ ਦੇ ਸੋਹਲੇ ਗਾਉਣ ਲਈ ਕਿਸਾਨਾਂ ਪਾਸੋਂ ਮੁਆਫੀ ਮੰਗ ਦੀ ਬਜਾਏ ਸਿਧਾਂਤਾਂ ਤੋਂ ਥਿੜਕਿਆ ਬਾਦਲ ਜੋੜਾ ਐਨ.ਡੀ.ਏ. ਦਾ ਭਾਈਵਾਲ ਹੋਣ ਦੇ ਨਾਤੇ ਕਿਸਾਨ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਆਪਣੀ ਨਾਕਾਮੀ ਉਤੇ ਪਰਦਾ ਪਾਉਣ ਲਈ ਹਕੀਕਤ ਤੋਂ ਧਿਆਨ ਹਟਾਉਣ ਲਈ ਹੱਥ-ਪੈਰ ਮਾਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਉਮੀਦ ਹੈ ਕਿ ਅਕਾਲੀ ਦਲ ਨੇ ਐਨ.ਡੀ.ਏ. ਨਾਲ ਨਾਤਾ ਤੋੜ ਲਿਆ ਹੈ ਜਿਸ ਕਰਕੇ ਬਾਦਲ ਹੁਣ ਕਿਸਾਨਾਂ ਦੇ ਹੱਕਾਂ ਖਾਤਰ ਲੜਾਈ ਵਿਚ ਸੂਬਾ ਸਰਕਾਰ ਦਾ ਖੁੱਲ੍ਹ ਕੇ ਸਹਿਯੋਗ ਕਰਨਗੇ। ਉਹਨਾਂ ਕਿਹਾ ਕਿ ਜਦੋਂ ਪੰਜਾਬ ਦੇ ਭਵਿੱਖ ਉਤੇ ਖਤਰੇ ਦੇ ਬੱਦਲ ਮੰਡਰਾ ਰਹੇ ਹੋਣ ਤਾਂ ਉਸ ਵੇਲੇ ਇਸ ਨਾਜੁਕ ਸਮੇਂ ਉਤੇ ਸੂਬਾ ਨੂੰ ਪ੍ਣਾਈ ਹੋਈ ਪਾਰਟੀ ਨੂੰ ਆਪਣੀ ਸੌੜੀ ਸਿਆਸਤ ਨੂੰ ਲਾਂਭੇ ਕਰਕੇ ਇਕਜੁਟ ਹੋ ਕੇ ਲੜਨ ਲਈ ਸੂਬਾ ਸਰਕਾਰ ਨਾਲ ਖੜ੍ਹਨਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਕਰਨ ਦੀ ਬਜਾਏ ਅਕਾਲੀ ਦਲ ਨੇ ਉਹਨਾਂ ਦੀ ਸਰਕਾਰ ਉਤੇ ਹੱਲਾ ਬੋਲਣ ਦਾ ਰਾਹ ਫੜ ਲਿਆ। ਉਹਨਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਅਕਾਲੀ ਦਲ ਸੂਬੇ ਵਿਚ ਆਪਣੀ ਖੁੱਸੀ ਹੋਈ ਸਿਆਸੀ ਜ਼ਮੀਨ ਲੱਭਣ ਦੀਆਂ ਕੋਝੇ ਯਤਨ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਹਰਸਿਮਰਤ ਬਾਦਲ ਵਲੋਂ ਗੈਰ-ਸੰਵਿਧਾਨਕ ਬਿੱਲਂ ਉਤੇ ਸੰਸਦ ਵਿਚ ਵੋਟਿੰਗ ਤੋਂ ਐਨ ਪਹਿਲਾਂ ਅਸਤੀਫਾ ਦੇਣਾ, ਐਨ.ਡੀ.ਏ. ਵਿੱਚੋਂ ਅਕਾਲੀ ਦਲ ਦੇ ਬਾਹਰ ਆਉਣ ਦਾ ਡਰਾਮਾ ਰਚਨਾ ਅਤੇ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੇ ਬੰਦ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨਾ ਬਾਦਲਾਂ ਦੀ ਨੌਟੰਕੀ ਸੀ ਜਿਹਨਾਂ ਨੇ ਇਹਨਾਂ ਦਾ ਜਨਤਕ ਤਮਾਸ਼ਾ ਬਣਾ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਅਕਾਲੀ ਦਲ ਖੇਤੀ ਆਰਡੀਨੈਂਸਾਂ ਮੌਕੇ ਮੂਕ ਦਰਸ਼ਕ ਬਣ ਕੇ ਨਾ ਰਹਿੰਦਾ ਤਾਂ ਸਥਿਤੀ ਇੱਥੋਂ ਤੱਕ ਨਾ ਪਹੁੰਚਦੀ। ਉਹਨਾਂ ਨੇ ਅਕਾਲੀ ਦਲ ਦੇ ਪ੍ਧਾਨ ਨੂੰ ਆਖਿਆ ਕਿ ਤਹਾਨੂੰ ਯਾਦ ਹੈ ਕਿ ਖੇਤੀਬਾੜੀ ਸੂਬਾਈ ਵਿਸ਼ਾ ਹੈ ਜਿਸ ਬਾਰੇ ਹੁਣ ਤੁਸੀਂ ਰੌਲਾ-ਰੱਪਾ ਪਾ ਰਹੇ ਹੋ।
ਮੁੱਖ ਮੰਤਰੀ ਨੇ ਸੁਖਬੀਰ ਬਾਦਲ ਵਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਅਤੇ ਉਹਨਾਂ ਦੀ ਪਾਰਟੀ ਵਲੋਂ ਏ.ਪੀ.ਐਮ.ਸੀ. ਐਕਟ ਰੱਦ ਕਰਨ ਲਈ ਸੂਬਾ ਸਰਕਾਰ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦੀ ਪੇਸ਼ਕਸ਼ ਕੀਤੇ ਜਾਣ ਦੀ ਵੀ ਖਿੱਲੀ ਉਡਾਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਪੁੱਛਿਆ ਕਿ ਖੇਤੀ ਬਿੱਲਾਂ ਲਈ ਸੱਦੇ ਇਜਲਾਸ ਮੌਕੇ ਮਤਾ ਪਾਸ ਵੇਲੇ ਤੁਹਾਡੇ ਵਿਧਾਇਕ ਕਿੱਥੇ ਸਨ। ਸਰਬ ਪਾਰਟੀ ਮੀਟਿੰਗ ਮੌਕੇ ਤੁਸੀਂ ਬਿਨਾਂ ਸ਼ਰਤ ਹਮਾਇਤ ਕਿਉਂ ਨਹੀਂ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਦੋਗਲੇਪਣ ਦਾ ਮਜਾਕ ਸਿਰਫ ਪੰਜਾਬ ਵਿਚ ਹੀ ਨਹੀਂ ਸਗੋਂ ਮੁਲਕ ਵਿਚ ਉਡ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਅਜਿਹੀ ਪਾਖੰਡਬਾਜੀ ਨਾਲ ਲੋਕਾਂ ਦਾ ਭਰੋਸਾ ਜਿੱਤਣ ਵਿਚ ਕੋਈ ਫਾਇਦਾ ਨਹੀਂ ਮਿਲਣਾ।
ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਧਾਨ ਵਲੋਂ ਕੇਂਦਰੀ ਕਾਨੂੰਨਾਂ ਨੂੰ ਬਾਈਪਾਸ ਕਰਕੇ ਆਰਡੀਨੈਂਸ ਲਿਆਉਣ ਦੀ ਮੰਗ ਉਤੇ ਸਵਾਲ ਉਠਾਏ ਜਦਕਿ ਉਹਨਾਂ ਦੀ ਸਰਕਾਰ ਪਹਿਲਾਂ ਹੀ ਇਹ ਐਲਾਨ ਕਰ ਚੁੱਕੀ ਹੈ ਕਿ ਉਹਨਾਂ ਦੀ ਸਰਕਾਰ ਸੂਬਾਈ ਕਾਨੂੰਨ ਵਿਚ ਸੋਧ ਕਰਨ ਸਮੇਤ ਸਾਰੇ ਬਦਲ ਵਿਚਾਰ ਰਹੀ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸੁਖਬੀਰ ਚਾਹੁੰਦਾ ਹੈ ਕਿ ਉਹਨਾਂ ਦੀ ਸਰਕਾਰ ਬਿਨਾਂ ਕੋਈ ਕਾਨੂੰਨੀ ਸਲਾਹ ਲਏ ਨਵਾਂ ਕਾਨੂੰਨ ਜਾਂ ਸੋਧ ਕਰ ਦੇਵੇ ਤਾਂ ਕਿ ਬਾਅਦ ਵਿਚ ਅਦਾਲਤ ਵਿਚ ਇਸ ਨੂੰ ਸਫਲਤਾ ਨਾ ਮਿਲੇ। ਉਹਨਾਂ ਕਿਹਾ ਕਿ ਇਸ ਵੇਲੇ ਬਾਦਲਾਂ ਦਾ ਇਕਮਾਤਰ ਏਜੰਡਾ ਪੰਜਾਬ ਨੂੰ ਦਰਪੇਸ਼ ਮਸਲਿਆਂ ਦੀ ਬਜਾਏ ਕਿਸੇ ਨਾ ਕਿਸੇ ਢੰਗ ਨਾਲ ਸੂਬਾ ਸਰਕਾਰ ਨੂੰ ਕਮਜੋਰ ਕਰਨਾ ਹੈ। 


author

Bharat Thapa

Content Editor

Related News