ਖੇਤੀ ਕਾਨੂੰਨ ਪਾਸ ਕਰਨ ਲਈ ਬਾਦਲ ਵੀ ਭਾਜਪਾ ਵਾਂਗ ਬਰਾਬਰ ਦੇ ਦੋਸ਼ੀ ਹਨ : ਸਰਨਾ
Friday, Jan 22, 2021 - 01:56 AM (IST)
ਜਲੰਧਰ, (ਚਾਵਲਾ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਬਾਦਲ ਪਰਿਵਾਰ ਨੂੰ ਇਕ ਵਾਰੀ ਫਿਰ ਆੜੇ ਹੱਥੀ ਲੈਂਦਿਆਂ ਕਿਹਾ ਕਿ ਗੁਰਦੁਆਰਾ ਮੰਜੀ ਸਾਹਿਬ ਤੋਂ ਹੁੰਦੀ ਕਥਾ ਸਮੇਂ ਬੀਤੇ ਦਿਨ ਗਿਆਨੀ ਮਾਨ ਸਿੰਘ ਵੱਲੋਂ ਕਥਾ ਵਿੱਚ ਕਿਸਾਨੀ ਮੁੱਦੇ ਬਾਰੇ ਗੱਲ ਕਰਨਾ ਸੁਆਗਤਯੋਗ ਪਰ ਬਾਦਲ ਇਹ ਜ਼ਰੂਰ ਸੰਗਤਾਂ ਨੂੰ ਸਪੱਸ਼ਟ ਕਰਨ ਕਿ ਨੋਟਬੰਦੀ ਵੇਲੇ, ਜੀ. ਐੱਸ. ਟੀ. ਵੇਲੇ ਉਨ੍ਹਾਂ ਵਿਰੋਧਤਾ ਕਿਉਂ ਨਹੀਂ ਕੀਤੀ ਜਦਕਿ ਕਿਸਾਨੀ ਕਾਨੂੰਨ ਬਾਦਲ ਦੀ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਸਹਿਮਤੀ ਦੇਣ ਉਪਰੰਤ ਹੀ ਪਾਸ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜਦੋਂ ਨੋਟਬੰਦੀ ਕੀਤੀ ਗਈ ਤੇ ਜੀ. ਐੱਸ. ਟੀ. ਲਾਗੂ ਕੀਤਾ ਗਿਆ ਤਾਂ ਉਸ ਵੇਲੇ ਵੀ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਰੋਧ ਕਰਦਾ ਤਾਂ ਸ਼ਾਇਦ ਕੇਂਦਰ ਦੀ ਭਾਜਪਾ ਸਰਕਾਰ ਦੀ ਖੇਤੀ ਕਾਨੂੰਨ ਪਾਸ ਕਰਨ ਦੀ ਹਿੰਮਤ ਨਾ ਪੈਂਦੀ।
ਸਰਨਾ ਨੇ ਕਿਹਾ ਕਿ ਜਿੰਨਾ ਨੁਕਸਾਨ ਇਸ ਵੇਲੇ ਬਾਦਲ ਦਲ ਨੇ ਕੌਮ ਦਾ ਕੀਤਾ ਹੈ ਇੰਨਾ ਤਾਂ ਸ਼ਾਇਦ ਮੁਗਲ ਵੀ ਨਹੀ ਕਰ ਸਕੇ ਹੋਣਗੇ। ਮੁਗਲਾਂ ਨੇ ਸਿਰਫ ਇਮਾਰਤਾਂ ਢਾਹੀਆਂ, ਜਿਹੜੀਆਂ ਸਿੱਖਾਂ ਨੇ ਫਿਰ ਉਸਾਰ ਲਈਆਂ ਪਰ ਬਾਦਲ ਦਲ ਨੇ ਤਾਂ ਸਿੱਖ ਸਿਧਾਂਤ ਨੂੰ ਮਲੀਆਮੇਟ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ, ਜਿਸ ਦੀ ਭਰਪਾਈ ਕਰਨੀ ਸੌਖੀ ਨਹੀਂ।