ਆਪਣੇ ਮੂੰਹ ’ਤੇ ਪਸ਼ਚਾਤਾਪ ਦੀ ਕਾਲਖ਼ ਮਲ਼ ਕੇ ਕਾਲਾ ਦਿਵਸ ਮਨਾਵੇ ਬਾਦਲ ਪਰਿਵਾਰ : ਸੰਧਵਾਂ

Sunday, Sep 12, 2021 - 08:05 PM (IST)

ਚੰਡੀਗੜ੍ਹ- ਅਕਾਲੀ ਦਲ ਬਾਦਲ ਵੱਲੋਂ 17 ਸਤੰਬਰ ਨੂੰ ਕਾਲ਼ਾ ਦਿਵਸ ਮਨਾਉਣ ਦੇ ਕੀਤੇ ਐਲਾਨ ’ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ‘ਬਾਦਲ ਪਰਿਵਾਰ ਨੂੰ ਆਪਣੇ ਮੂੰਹ ’ਤੇ ਪਸ਼ਚਾਤਾਪ ਦੀ ਕਾਲਖ਼ ਮਲ਼ ਕੇ ਕਾਲਾ ਦਿਵਸ ਮਨਾਉਣਾ ਚਾਹੀਦਾ ਹੈ, ਕਿਉਂਕਿ ਜੇ ਬਤੌਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਰਡੀਨੈਂਸਾਂ ਉਪਰ ਦਸਤਖ਼ਤ ਨਾ ਕਰਦੇ ਤਾਂ ਕਿਸਾਨ ਮਾਰੂ ਕਾਲਾ ਦਿਨ ਕਦੇ ਨਾ ਚੜ੍ਹਦਾ।’

ਇਹ ਵੀ ਪੜ੍ਹੋ- 'ਕੇਂਦਰ ਤੇ ਰਾਜ ਸਰਕਾਰਾਂ ਸੂਬੇ 'ਚ ਸਹਿਕਾਰੀ ਸਭਾਵਾਂ ਖਤਮ ਕਰ ਕੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚ ਰਹੀਆਂ ਹਨ'
ਐਤਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਮੂਹ ਕਿਸਾਨ ਹਿਤੈਸ਼ੀ ਜਥੇਬੰਦੀਆਂ ਅਤੇ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ 17 ਸਤੰਬਰ ਵਾਲਾ ਦਿਨ ਅੰਨਦਾਤਾ ਦੇ ਹੱਕ ਵਿੱਚ ‘ਕੌਮੀ ਪੱਧਰ’ 'ਤੇ ਕਾਲ਼ੇ ਦਿਵਸ ਵਜੋਂ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਭਾਰਤੀ ਇਤਿਹਾਸ ਵਿੱਚ ਤਾਨਾਸ਼ਾਹ ਸਰਕਾਰ ਬਣ ਗਈ ਹੈ, ਜੋ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ।

ਸੰਧਵਾਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਮਹਾਂ ਪੰਜਾਬ ਦੀ ਸਰਜ਼ਮੀਨ ਤੋਂ ਉਠੇ ਅੰਦੋਲਨ ਨੇ ਨਾ ਸਿਰਫ ਭਾਰਤ ਵਿੱਚ ਕਿਸਾਨਾਂ ਨੂੰ ਬਲ ਬਖਸ਼ਿਆ, ਸਗੋਂ ਅਮਰੀਕਾ, ਕਨੈਡਾ, ਅਸਟਰੇਲੀਆ ਅਤੇ ਯੂਰਪ ਸਮੇਤ ਅਫ਼ਰੀਕਾ ਦੇ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਹੱਕਾਂ ਦੀ ਰਾਖੀ ਲਈ ਜਾਗਰੂਕਤਾ ਪੈਦਾ ਕੀਤੀ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ‘‘ਜਦੋਂ ਚਾਹੇ ਅਣਚਾਹੇ ਮਨ ਨਾਲ ਅਕਾਲੀ ਦਲ ਬਾਦਲ ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਹਵਾਲੇ ਨਾਲ 17 ਸਤੰਬਰ ਵਾਲੇ ਦਿਨ ਨੂੰ ਕਾਲੇ ਦਿਵਸ ਵਜੋਂ ਮੰਨ ਲਿਆ ਹੈ ਤਾਂ ਖੇਤੀ ਆਰਡੀਨੈਂਸ ਉਪਰ ਦਸਤਖ਼ਤ ਕਰਨ ਅਤੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਤਿੰਨ ਮਹੀਨੇ ਧੂਆਂਧਾਰ ਪ੍ਰਚਾਰ ਕਰਨ ਲਈ ਪਸ਼ਚਾਤਾਪ ਕਰ ਲੈਣਾ ਚਾਹੀਦਾ ਹੈ। ਇਸ ਦੇ ਲਈ ਬਾਦਲ ਪਰਿਵਾਰ ਦੀ ਅਗਵਾਈ ਵਿੱਚ ਸਮੁੱਚੇ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਆਪਣੇ ਮੂੰਹ ਉਪਰ ਕਾਲਖ਼ ਮਲ਼ ਕੇ ਕਾਲਾ ਦਿਵਸ ਜ਼ਰੂਰ ਮਨਾਉਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਅਸਲ ਵਿੱਚ ਅਕਾਲੀ ਦਲ ਬਾਦਲ ਕਾਲੇ ਖੇਤੀ ਕਾਨੂੰਨਾਂ ਦੇ ਜਨਮਦਾਤਿਆਂ ਵਿਚੋਂ ਇੱਕ ਹੈ ਅਤੇ ਇਨਾਂ ਕਾਨੂੰਨਾਂ ਦਾ ਵੱਡਾ ਸਮਰਥਕ ਤੇ ਪ੍ਰਚਾਰਕ ਰਿਹਾ ਹੈ। ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਵਿਰਸਾ ਸਿੰਘ ਵਲਟੋਹਾ ਆਦਿ ਆਗੂਆਂ ਦੀਆਂ ਕਾਲੇ ਕਾਨੂੰਨਾਂ ਦੀ ਤਰੀਫ਼ ਕਰ ਦੀਆਂ ਵੀਡੀਓਜ਼ ਅਤੇ ਖ਼ਬਰਾਂ ਲੋਕਾਂ ਕੋਲ ਮੌਜ਼ੂਦ ਹਨ।

ਇਹ ਵੀ ਪੜ੍ਹੋ-  ਅੰਮ੍ਰਿਤਸਰ: ਪੁਲਸ ਮੁਲਾਜ਼ਮਾਂ ਲਈ ਚੰਗੀ ਖਬਰ, ਹੁਣ ਵਰ੍ਹੇਗੰਢ ਅਤੇ ਜਨਮਦਿਨ 'ਤੇ ਮਿਲੇਗੀ ਛੁੱਟੀ

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ 600 ਤੋਂ ਜ਼ਿਆਦਾ ਕਿਸਾਨਾਂ ਤੇ ਮਜ਼ਦੂਰਾਂ ਦੀ ਮੌਤ ਲਈ ਅਕਾਲੀ ਦਲ ਬਾਦਲ ਓਨਾ ਹੀ ਜ਼ਿੰਮੇਵਾਰ ਹੈ ਜਿਨੀ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਬਾਦਲ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਤਾਂ ਆਮ ਲੋਕ ਵੜਨ ਨਹੀਂ ਦਿੰਦੇ। ਇਸੇ ਲਈ ਉਨ੍ਹਾਂ ਕਾਲਾ ਦਿਵਸ ਮਨਾਉਣ ਲਈ ਦਿੱਲੀ ਦਾ ਮੈਦਾਨ ਚੁਣਿਆ ਹੈ ਤਾਂ ਜੋ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦਾ ਘੱਟਾ ਲੋਕਾਂ ਦੀਆਂ ਅੱਖਾਂ ਵਿੱਚ ਪਾਇਆ ਜਾਵੇ।
 


Bharat Thapa

Content Editor

Related News