ਘਟੀਆ ਸੋਚ ਰੱਖਣ ਵਾਲਾ ਮੁਲਕ ਹੈ ‘ਪਾਕਿ’, ਫੈਲਾਅ ਰਿਹੈ ਨਾਰਕੋ ਟੈਰੇਰਿਜ਼ਮ : ਕੈਪਟਨ
Sunday, Jun 27, 2021 - 08:46 AM (IST)
ਚੰਡੀਗੜ੍ਹ (ਅਸ਼ਵਨੀ)- ਨਸ਼ਿਆਂ ਅਤੇ ਇਨਾਂ ਦੀ ਸਮੱਗਲਿੰਗ ਖਿਲਾਫ਼ ਅੰਤਰਰਾਸ਼ਟਰੀ ਦਿਵਸ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਾਕਿ ਖਿਲਾਫ਼ ਮੋਰਚਾ ਖੋਲ੍ਹਿਆ। ਮੁੱਖ ਮੰਤਰੀ ਆਪਣੇ ਸੰਬੋਧਨ ’ਚ ਕਿਹਾ ਕਿ ਪਾਕਿ ਇਕ ਘਟੀਆ ਸੋਚ ਵਾਲਾ ਮੁਲਕ ਹੈ, ਜੋ ਨਾਰਕੋ ਟੈਰੇਰਿਜ਼ਮ ਰਾਹੀਂ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ’ਤੇ ਤੁਲਿਆ ਹੈ। ਜਦੋਂ ਤਕ ਦੇਸ਼ ਦੀ ਹੁਕੂਮਤ ਪਾਕਿ ਨੂੰ ਕਾਬੂ ਨਹੀਂ ਕਰਦੀ, ਉਦੋਂ ਤਕ ਟੈਰੇਰਿਸਟ, ਗੈਂਗਸਟਰ ਅਤੇ ਸਮੱਗਲਰਾਂ ਦੀ ਤਿੱਕੜੀ ਵਾਲਾ ਗਠਜੋੜ ਟੁੱਟਣ ਵਾਲਾ ਨਹੀਂ ਹੈ।
ਹਾਲ ਹੀ ਵਿਚ ਕੈਨੇਡਾ ਵਿਚ ਨਸ਼ਿਆਂ ਦੀ ਵੱਡੀ ਖੇਪ ਜ਼ਬਤ ਕਰਨ ਦੀ ਘਟਨਾ ’ਤੇ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਇਸ ਜ਼ੁਰਮ ਵਿਚ ਕੁੱਝ ਪੰਜਾਬੀ ਨੌਜਵਾਨ ਸ਼ਾਮਲ ਪਾਏ ਗਏ ਹਨ, ਜਿਸ ਨਾਲ ਪੰਜਾਬੀਆਂ ਦੇ ਅਕਸ ’ਤੇ ਸੱਟ ਵੱਜੀ ਹੈ। ਮੁੱਖ ਮੰਤਰੀ ਨੇ ਨਸ਼ਿਆਂ ਨਾਲ ਨਜਿੱਠਣ ਲਈ ਰਾਸ਼ਟਰੀ ਡਰੱਗ ਨੀਤੀ ਲਿਆਉਣ ਲਈ ਆਪਣੀ ਮੰਗ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਭਾਵੇਂ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਵਰਗੇ ਗੁਆਂਢੀ ਸੂਬੇ ਨਸ਼ਿਆਂ ਦੀ ਸਮੱਗਲਿੰਗ ਨਾਲ ਨਜਿੱਠਣ ਲਈ ਰਜ਼ਾਮੰਦ ਹੋਏ ਸਨ ਪਰ ਇਸ ਪਾਸੇ ਮਹੱਤਵਪੂਰਣ ਕਦਮ ਨਹੀਂ ਚੁੱਕੇ ਗਏ ਹਨ।
ਅਰਮੇਨੀਆ ਅਤੇ ਹਾਂਗਕਾਂਗ ਤੋਂ ਗੈਂਗਸਟਰਾਂ ਨੂੰ ਡਿਪੋਰਟ ਕਰਵਾਉਣ ਦੀ ਪ੍ਰੀਕਿਰਿਆ ਜਾਰੀ
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਨੇ ‘ਏ’ ਕੈਟੇਗਰੀ ਦੇ 2 ਗੈਂਗਸਟਰਾਂ ਨੂੰ ਸਫ਼ਲਤਾਪੂਰਵਕ ਡਿਪੋਰਟ ਕਰਵਾਇਆ ਹੈ, ਜਿਨ੍ਹਾਂ ਵਿੱਚ ਸਾਲ 2019 ਵਿਚ ਅਰਮੇਨੀਆ ਤੋਂ ਸੁਖਪ੍ਰੀਤ ਬੁੱਢਾ ਅਤੇ ਸਾਲ 2021 ਵਿਚ ਯੂ.ਏ.ਈ. ਤੋਂ ਸੁੱਖ ਭਿਖਾਰੀਵਾਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗੌਰਵ ਪਟਿਆਲਾ ਨੂੰ ਅਰਮੇਨੀਆ ਤੋਂ ਡਿਪੋਰਟ ਕੀਤਾ ਜਾਣਾ ਪ੍ਰੀਕਿਰਿਆ ਅਧੀਨ ਹੈ, ਜਦੋਂ ਕਿ ਰਮਨਜੀਤ ਰੋਮੀ ਜੋ ਗੈਂਗਸਟਰਾਂ ਦਾ ਇਕ ਹੈਂਡਲਰ ਹੈ, ਨੂੰ ਹਾਂਗਕਾਂਗ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਇਸੇ ਤਰ੍ਹਾਂ ਗੈਂਗਸਟਰ ਹੈਰੀ ਚੱਠਾ ਨੂੰ ਪੁਰਤਗਾਲ ਤੋਂ ਅਤੇ ਗਗਨ ਹਾਥੁਰ ਨੂੰ ਆਸਟ੍ਰੇਲੀਆ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ।
1318 ਕਰੋੜ ਦੀ ਹੈਰੋਇਨ ਨੂੰ ਕੀਤਾ ਨਸ਼ਟ
ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਅਗਵਾਈ ਵਿਚ ਵਿਸ਼ੇਸ਼ ਟੀਮ ਦੁਆਰਾ ਅੰਮ੍ਰਿਤਸਰ ਵਿੱਚ ਜ਼ਬਤ ਕੀਤੇ ਗਏ ਨਸ਼ਿਆਂ/ਨਸ਼ੀਲੀਆਂ ਦਵਾਈਆਂ ਨੂੰ ਲਾਈਵ ਨਸ਼ਟ ਕਰਨ ਦੀ ਡਿਜੀਟਲ ਤੌਰ ’ਤੇ ਸ਼ੁਰੂਆਤ ਕੀਤੀ। ਇਸ ਖੇਪ ਵਿੱਚ ਅੰਤਰਰਾਸ਼ਟਰੀ ਮੰਡੀ ਵਿੱਚ 1318 ਕਰੋੜ ਰੁਪਏ ਦੀ ਕੀਮਤ ਵਾਲੀ 659 ਕਿੱਲੋ ਹੈਰੋਇਨ, 3000 ਕਿੱਲੋ ਭੁੱਕੀ, 5.8 ਕਰੋੜ ਗੋਲੀਆਂ/ਕੈਪਸੂਲ, 166 ਕਿੱਲੋ ਗਾਂਜਾ, 5 ਕਿੱਲੋ ਚਰਸ ਅਤੇ ਵੱਡੀ ਮਾਤਰਾ ਵਿਚ ਭੰਗ, ਸਮੈਕ, ਸਿਰਪ (ਪੀਣ ਵਾਲੀ ਦਵਾਈ) ਅਤੇ ਟੀਕੇ ਸ਼ਾਮਲ ਹਨ। ਉਨ੍ਹਾਂ ਸਕੂਲ ਅਤੇ ਉੱਚ ਸਿੱਖਿਆ ਵਿਭਾਗਾਂ ਵਲੋਂ ਹਫ਼ਤਾ ਭਰ ਚੱਲਣ ਵਾਲੀ ਸੂਬਾ ਪੱਧਰੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ।
ਕਈਆਂ ਨੇ ਆਪਣੇ ਵਿਚਾਰ ਕੀਤੇ ਸਾਂਝੇ
ਇਸ ਤੋਂ ਪਹਿਲਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਡੀ.ਜੀ.ਪੀ. ਦਿਨਕਰ ਗੁਪਤਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਡੀ.ਜੀ.ਪੀ. ਨੇ ਦੱਸਿਆ ਕਿ ਪਿਛਲੇ 4 ਸਾਲਾਂ ਦੌਰਾਨ ਪੁਲਸ ਨੇ ਐੱਨ.ਡੀ.ਪੀ.ਐੱਸ. ਐਕਟ ਅਨੁਸਾਰ 233 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਜ਼ਬਤ ਕੀਤੀ ਹੈ। ਇਸ ਸਮਾਗਮ ਵਿਚ ਹਿੱਸਾ ਲੈਂਦਿਆਂ ਜਲੰਧਰ ਤੋਂ 12ਵੀਂ ਜਮਾਤ ਦੀ ਵਿਦਿਆਰਥਣ ਨਵਜੀਤ ਕੌਰ, ਨਸ਼ਿਆਂ ਦੀ ਸਮੱਸਿਆ ਵਿਚੋਂ ਨਿਕਲੇ ਸੰਗਰੂਰ ਦੇ ਹਰਵਿੰਦਰ ਸਿੰਘ, ਤਰਨਤਾਰਨ ਜ਼ਿਲ੍ਹੇ ਦੀ ਡੈਪੋ ਹੈੱਡਮਿਸਟ੍ਰੈੱਸ ਜੀ.ਐੱਚ.ਐੱਸ. ਪੰਜਰਜੀਤ ਕੌਰ, ਨਸ਼ਾ ਵਿਰੋਧੀ ਨਿਗਰਾਨ ਕਮੇਟੀ ਦੀ ਮੈਂਬਰ ਲੁਧਿਆਣਾ ਤੋਂ ਡਾ. ਸੁਖਪਾਲ ਕੌਰ ਅਤੇ ਸਰਕਾਰੀ ਕਾਲਜ ਮੋਹਾਲੀ ਤੋਂ ਬੀ.ਐੱਸ.ਸੀ. ਨਾਨ-ਮੈਡੀਕਲ ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਆਪਣੀ ਜਾਣਕਾਰੀ ਅਤੇ ਤਜ਼ਰਬੇ ਸਾਝੇ ਕੀਤੇ।