ਪਾਣੀ ਨਾਲ ਭਰੇ ਟੋਏ ''ਚ ਡਿੱਗਣ ਕਾਰਨ ਬੱਚੇ ਦੀ ਮੌਤ

Wednesday, Aug 07, 2019 - 06:10 PM (IST)

ਪਾਣੀ ਨਾਲ ਭਰੇ ਟੋਏ ''ਚ ਡਿੱਗਣ ਕਾਰਨ ਬੱਚੇ ਦੀ ਮੌਤ

ਧਾਰੀਵਾਲ/ਕਲਾਨੌਰ (ਖੋਸਲਾ, ਬਲਬੀਰ, ਮਨਮੋਹਨ) : ਪਿੰਡ ਨੂਰੋਵਾਲੀ ਦਾ ਛੇ ਸਾਲਾ ਬੱਚੇ ਦੀ ਖੇਡਦੇ-ਖੇਡਦੇ ਪਾਣੀ ਨਾਲ ਭਰੇ ਟੋਏ ਵਿਚ ਡਿੱਗਣ ਨਾਲ ਮੌਤ ਹੋ ਗਈ। ਇਸ ਘਟਨਾ ਦਾ ਸਮਾਚਾਰ ਮਿਲਦੇ ਹੀ ਪੁਲਸ ਚੌਕੀ ਭਿਖਾਰੀਵਾਲ ਅਤੇ ਪੁਲਸ ਚੌਕੀ ਘੁੰਮਣ ਕਲਾਂ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਘੁੰਮਣ ਕਲਾਂ ਦੇ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਨੂਰੋਵਾਲੀ ਦੇ ਨਾਲ ਹੀ ਸੜਕ 'ਤੇ ਪੈਂਦੀ ਪਿੰਡ ਅਟਾਰੀ ਦੀ ਪੈਲੀ ਵਿਚ ਸੜਕ ਕੰਢੇ ਕਿਸਾਨ ਨੇ ਟੋਇਆ ਪੁੱਟਿਆ ਹੋਇਆ ਸੀ ਅਤੇ ਮੀਂਹ ਦੇ ਪਾਣੀ ਨਾਲ ਟੋਇਆ ਭਰਿਆ ਹੋਇਆ ਸੀ। 

ਬੀਤੀ ਸ਼ਾਮ ਖੇਡਦੇ-ਖੇਡਦੇ ਬੱਚਾ ਵੰਸ਼ਦੀਪ (6) ਪੁੱਤਰ ਰਕੇਸ਼ ਕੁਮਾਰ ਵਾਸੀ ਨੂਰੋਵਾਲ ਇਸ ਟੋਏ ਵਿਚ ਡਿੱਗ ਪਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਦਾਦੇ ਸ਼ਿਵ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਨੂਰੋਵਾਲ ਦੇ ਬਿਆਨਾਂ 'ਤੇ ਕਿਸਾਨ ਹਰਜਿੰਦਰ ਸਿੰਘ ਜਿਸਨੇ ਪੈਲੀ ਵਿਚ ਟੋਇਆ ਪੁੱਟਿਆ ਹੋਇਆ ਸੀ, ਦੇ ਖਿਲਾਫ ਧਾਰਾ 304-ਏ ਤਹਿਤ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ।


author

Gurminder Singh

Content Editor

Related News