ਕੈਬਨਿਟ ਮੰਤਰੀਆਂ ਨੇ ਡਾ. ਅੰਬੇਡਕਰ ਨੂੰ ਕੀਤਾ ਯਾਦ

Wednesday, Apr 14, 2021 - 11:09 PM (IST)

ਚੰਡੀਗਡ਼੍ਹ (ਕਮਲ)- ਸਮਾਜਿਕ ਨਿਆਂ ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੌਤ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਅਰੁਣਾ ਚੌਧਰੀ ਸਮੇਤ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਅੱਜ ਇੱਥੇ ਉਘੇ ਵਿਦਵਾਨ ਡਾ. ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੇ 130ਵੇਂ ਜਨਮ ਦਿਵਸ ਮੌਕੇ ਸ਼ਰਧਾਂਜਲੀ ਦਿੱਤੀ।
ਅੱਜ ਪੰਜਾਬ ਭਵਨ ਵਿਖੇ ਹੋਏ ਇੱਕ ਸਮਾਗਮ ਦੌਰਾਨ ਕੈਬਨਿਟ ਮੰਤਰੀ ਧਰਮਸੌਤ ਨੇ ਕਿਹਾ ਕਿ ਡਾ. ਅੰਬੇਡਕਰ ਇੱਕ ਉਘੇ ਨਿਆਂਇਕ, ਅਰਥਸ਼ਾਸਤਰੀ, ਲੇਖਕ, ਦਾਰਸ਼ਨਿਕ ਅਤੇ ਸਮਾਜ ਸੁਧਾਰਕ ਸਨ। ਅੱਜ ਉਨ੍ਹਾਂ ਦਾ ਨਾਮ ਨਾ-ਬਰਾਬਰੀ ਅਤੇ ਜ਼ੁਲਮ ਵਿਰੁੱਧ ਲਡ਼ਨ ਦਾ ਪ੍ਰਤੀਕ ਬਣ ਗਿਆ ਹੈ, ਜਿਸਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ-ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 8.50 ਲੱਖ ਰੁਪਏ ਦੀ ਠੱਗੀ ਕਰਨ ਵਾਲਾ ਭਗੌੜਾ ਗ੍ਰਿਫਤਾਰ

ਡਾ. ਅੰਬੇਡਕਰ ਵੱਲੋਂ ਰਾਖਵੇਂਕਰਨ ਰਾਹੀਂ ਦੱਬੇ-ਕੁਚਲੇ ਲੋਕਾਂ ਨੂੰ ਸਮਾਜਿਕ ਤੌਰ ’ਤੇ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦਾ ਨਾਮ ਰਾਜਨੀਤਕ ਪਾਰਟੀਆਂ ਵਿਚ ਗੂੰਜਦਾ ਹੈ ਅਤੇ ਉਨ੍ਹਾਂ ਦੀਆਂ ਲਿਖਤਾਂ ਅਤੇ ਭਾਸ਼ਣ ਹੁਣ ਵਿਦਵਤਾਪੂਰਨ ਖੋਜ ਦਾ ਵਿਸ਼ਾ ਬਣੇ ਹਨ, ਕਿ ਕਿਵੇਂ ਉਨ੍ਹਾਂ ਨੇ ਹਾਸ਼ੀਏ ’ਤੇ ਧੱਕੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ। ਜਦੋਂ ਤੱਕ ਜਾਤੀ ਵਿਵਸਥਾ ਅਤੇ ਇਸਦੇ ਆਲੇ-ਦੁਆਲੇ ਸੰਘਰਸ਼ ਮੌਜੂਦ ਹੈ, ਡਾ. ਅੰਬੇਡਕਰ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਜਾਤ-ਪਾਤ ਨਾਲ ਭਰੇ ਸਮਾਜ ਦੁਆਲੇ ਦੇ ਹਰ ਖੇਤਰ ਵਿੱਚ ਸਾਰਥਿਕ ਰਹਿਣਗੀਆਂ।
ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਦੱਬੇ ਕੁਚਲੇ ਵਰਗ ਲਈ ਕੀਤੇ ਗਏ ਉਪਰਾਲਿਆਂ ਨੂੰ ਸਹੀ ਅਰਥਾਂ ਵਿੱਚ ਮਿਸਾਲੀ ਦੱਸਿਆ। ਪੰਜਾਬ ਸਰਕਾਰ ਵੱਲੋਂ ਐੱਸ.ਸੀ. ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਵਜ਼ੀਫ਼ਾ ਸਕੀਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਕਦਮ ਨਾਲ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਆਪਣੇ ਫੈਸਲੇ ਵਾਪਸ ਲੈ ਕੇ ਦੇਸ਼ ਭਰ ਵਿੱਚ ਇਹ ਸਕੀਮ ਨੂੰ ਕਾਇਮ ਰੱਖਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਸ਼ਗਨ ਸਕੀਮ ਦੀ ਰਾਸ਼ੀ ਵਿੱਚ ਹੋਏ ਵਾਧੇ ਅਤੇ ਦੱਬੇ ਕੁਚਲੇ ਲੋਕਾਂ ਦੀ ਤਰੱਕੀ ਲਈ ਚੁੱਕੇ ਹੋਰ ਕਦਮਾਂ ਬਾਰੇ ਵੀ ਚਾਨਣਾ ਪਾਇਆ।
ਇਸ ਮੌਕੇ ਅਰੁਣਾ ਚੌਧਰੀ ਤੋਂ ਇਲਾਵਾ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਡਾਇਰੈਕਟਰ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮਾਲਵਿੰਦਰ ਸਿੰਘ ਜੱਗੀ ਵੀ ਮੌਜੂਦ ਸਨ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


Sunny Mehra

Content Editor

Related News